ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਦੂਜੇ ਦਿਨ ਵਿੱਚ ਪਹੁੰਚਣ ਤੇ ਅੱਜ ਪੰਜ ਹੋਰ ਕਿਸਾਨਾਂ ਗੁਰਦੇਵ ਸਿੰਘ, ਕਸ਼ਮੀਰ ਸਿੰਘ, ਗੁਰਬਾਜ ਸਿੰਘ, ਮੇਹਰ ਸਿੰਘ, ਜੋਗਿੰਦਰ ਸਿੰਘ ਪਿੰਡ ਹਰਿਆਓ ਖੁਰਦ ਵੱਲੋਂ 24 ਘੰਟੇ ਡੀ.ਸੀ. ਦਫਤਰ ਵਿਖੇ ਚੱਲ ਰਹੇ ਪਿੰਡ ਹਰਿਆਓ ਖੁਰਦ ਵਿੱਚ ਪੁਲਿਸ ਅਤੇ ਬਿਜਲੀ ਮੁਲਾਜਮਾਂ ਤੇ ਪ੍ਸ਼ਾਸ਼ਨ ਵੱਲੋਂ 6 ਤਰੀਕ ਨੂੰ ਕੀਤੇ ਜਬਰ ਦੇ ਵਿਰੋਧ ਵਿੱਚ ਚੱਲ ਰਹੇ ਅਣਮਿੱਥੇ ਧਰਨੇ ਵਿੱਚ ਬੈਠ ਗਏ।
ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਜਿੱਥੇ ਪ੍ਸ਼ਾਸ਼ਨ ਨੇ ਪਿੰਡ ਹਰਿਆਓ ਵਿਖੇ ਲਗਭਗ ਅੱਧੀ ਸਦੀ ਤੋਂ ਵੀ ਪਹਿਲਾਂ ਤੋਂ ਆਬਾਦ ਕੀਤੀ ਗਈ ਜਮੀਨ ਤੋਂ ਉਨਾਂ ਨੂੰ ਧੱਕੇ ਨਾਲ ਡਾਗਾਂ ਨਾਲ ਕੁੱਟ-ਕੁੱਟ ਕੇ ਜਮੀਨ ਅਤੇ ਘਰ ਤੋਂ ਬੇਦਖਲ ਕਰਨ, ਉਨਾਂ ਦੇ ਡੰਗਰਾਂ ਨੂੰ ਵੀ ਘਰਾਂ ਤੋਂ ਬਾਹਰ ਕੱਡ ਕੇ ਘਰਾਂ ਦਾ ਸਾਰਾ ਸਮਾਨ ਭੰਨ ਤੋੜ ਕਰਨ, ਇੱਥੋਂ ਤੱਕ ਕਿ ਉਨਾਂ ਦੇ ਘਰਾਂ ਦੇ ਚੁੱਲੇ ਤੱਕ ਵੀ ਤੋੜ ਦਿੱਤੇ ਗਏ। ਪੁਲਿਸ ਵੱਲੋਂ ਕੀਤੇ ਇਸ ਵਿਵਹਾਰ ਦੇ ਵਿਰੋਧ ਵਿੱਚ ਪੰਜਾਬ ਤੋਂ ਦੂਜੀਆਂ ਜੱਥੇਬੰਦੀਆਂ ਦੇ ਸਹਿਯੋਗ ਲਈ ਸਨੇਹੇ ਪਹੁੰਚੇ ਹਨ। ਪ੍: ਬਾਵਾ ਸਿੰਘ ਨੇ ਜਮਹੂਰੀ ਅਧਿਕਾਰ ਸਭਾ ਵੱਲੋਂ ਤੱਥ ਖੋਜ ਕਮੇਟੀ ਬਣਾ ਦਿੱਤੀ। ਇਸ ਜੁਲਮ ਦੀ ਰਿਪੋਰਟ ਪ੍ਕਾਸ਼ਿਤ ਕਰਨ ਦਾ ਵਿਸ਼ਵਾਸ਼ ਦਿੱਤਾ। ਡਾ. ਦਰਸ਼ਨ ਪਾਲ ਨੇ ਜਿਲੇ ਦੀ ਮੀਟਿੰਗ ਉਪਰੰਤ ਅਗਲੇ ਪ੍ਰੋਗਰਾਮ ਬਾਰੇ ਦੱਸਿਆ ਕਿ ਪੁਲਿਸ ਜਬਰ ਜੋ ਪਿੰਡ ਹਰਿਆਓ ਖੁਰਦ ਦੇ ਕਿਸਾਨਾਂ ਤੇ ਕੀਤਾ ਜਬਰ ਦੇ ਵਿਰੋਧ ਵਿੱਚ ਕੱਲ ਨੂੰ ਪਿੰਡ ਬਬਲੇੜਾ ਤੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਸੰਘਰਸ਼ ਨੂੰ ਪਿੰਡਾਂ ਵਿੱਚ ਲਿਜਾਣ ਦਾ ਐਲਾਨ ਕੀਤਾ ਗਿਆ।
ਅੱਜ ਉਸ ਸਮੇਂ ਧਰਨੇ ਵਿੱਚ ਪੂਰੀ ਤਰਾਂ ਖਾਮੋਸ਼ੀ ਛਾ ਗਈ ਜਦੋਂ ਉਜਾੜੇ ਗਏ ਪਿੰਡ ਦੀਆਂ ਬੀਬੀਆਂ ਵੱਲੋਂ ਆਪਣੇ ਆਪ ਨੂੰ ਮਰਨ ਵਰਤ ਲਈ ਸਟੇਜ ਤੇ ਜਾ ਕੇ ਪੇਸ਼ ਕਰ ਦਿੱਤਾ। ਪ੍ਰੰਤੂ ਡਾ. ਦਰਸ਼ਨ ਪਾਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਉਨਾਂ ਨੂੰ ਸਮਝਾ ਕੇ ਮਰਨ ਵਰਤ ਨੂੰ ਅੱਗੇ ਪਾਉਂਦਿਆ ਕੱਲ ਤੋਂ 48 ਘੰਟੇ ਲਈ ਭੁੱਖ ਹੜਤਾਲ ਤੇ ਬੈਠਣ ਲਈ ਮਨਾ ਲਿਆ। ਉਨਾਂ ਬੀਬੀਆਂ ਨੂੰ ਵਿਸ਼ਵਾਸ਼ ਵਿੱਚ ਲੈਂਦਿਆ ਕਿਹਾ ਕਿ ਜੇਕਰ ਫੜੇ ਗਏ ਕਿਸਾਨ ਆਗੂਆਂ ਅਤੇ ਦੂਜੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਫਿਰ ਬੀਬੀਆਂ ਨੂੰ ਮਰਨ ਵਰਤ ਤੋਂ ਰੋਕਿਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਬੀਬੀਆਂ ਹੀ ਕਿਉਂ ਸਗੋਂ ਸਮੁੱਚੀ ਜੱਥੇਬੰਦੀ ਹੋਰਨਾਂ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਆਰ-ਪਾਰ ਦੀ ਲੜਾਈ ਲੜੇਗੀ।
ਅੱਜ ਦੇ ਧਰਨ ਨੂੰ ਹੋਰਨਾਂ ਤੋਂ ਇਲਾਵਾ ਪੀਪਲਜ਼ ਆਰਟਸ ਗਰੁੱਪ ਦੇ ਸਤਪਾਲ, ਡੀ.ਐਸ.ਓ. ਦੇ ਅਮਨ ਬਾਜੇਕੇ, ਦੋਧੀ ਯੂਨੀਅਨ ਦੇ ਜਿਲਾ ਪ੍ਰਧਾਨ ਜਨਕ ਸਿੰਘ ਮਾਜਰੀ ਅਕਾਲੀਆਂ, ਲੋਕ ਸੰਗਰਾਮ ਮੰਚ ਦੇ ਰਣਜੀਤ ਸਿੰਘ ਸਵਾਜਪੁਰ, ਭਾਰਤੀ ਕਿਸਾਨ ਯੂਨੀਅਨ ਡਕਾਲਾ ਵੱਲੋਂ ਬਲਵੀਰ ਸਿੰਘ ਮਵੀ ਸੱਪਾਂ, ਸੁਰਜੀਤ ਸਿੰਘ ਬਲਬੇੜਾ, ਬਲਦੇਵ ਸਿੰਘ ਬਠੋਈ, ਕਰਨੈਲ ਸਿੰਘ ਲੰਗ, ਨਿਰਮਲ ਸਿੰਘ ਲਚਕਾਣੀ, ਜੰਗ ਸਿੰਘ ਭਟੇੜੀ, ਗੁਰਮੀਤ ਸਿੰਘ ਖੇੜੀ ਮੱਲਾਂ, ਸੁਖਵਿੰਦਰ ਸਿੰਘ ਤੁੱਲੇਵਾਲ, ਮੁਖਤਿਆਰ ਸਿੰਘ ਦੁੱਲੜ ਨੇ ਸੰਬੋਧਨ ਕੀਤਾ। ਇਸ ਮੌਕੇ ਦੀਦਾਰ ਸਿੰਘ ਪਹਾੜਪੁਰ, ਦਰਸ਼ਨ ਸਿੰਘ ਸੇਖੂਪੁਰ ਅਤੇ ਪਾਲਾ ਸਿੰਘ ਡਕਾਲਾ ਨੇ ਲੰਗਰ ਦੀ ਸੇਵਾ ਲਗਾਤਾਰ ਬਾਖੂਬੀ ਨਿਭਾ ਰਹੇ ਹਨ।