ਪਟਿਆਲਾ,:ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪਟਿਆਲਾ ਦੇ ਪਿੰਡ ਬਾਰਨ ਵਿਖੇ ਸ਼ਹੀਦ ਬਾਬਾ ਜੈ ਸਿੰਘ ਜੀ ਖਲਕੱਟ ਦੀ ਯਾਦਗਾਰ ਦਾ ਨਿਰਮਾਣ ਕੀਤਾ ਜਾਵੇਗਾ। ਇਹ ਜਾਣਕਾਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਸਰਕਟ ਹਾਊਸ ਵਿਖੇ ਪ੍ਸ਼ਾਸਨਿਕ ਅਧਿਕਾਰੀਆਂ ਨਾਲ ਇਸ ਯਾਦਗਾਰ ਦੀ ਉਸਾਰੀ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸੱਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾ ਦੱਸਿਆ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਜਾਵੇਗਾ। ਸ. ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਵਿਰਸੇ ਦੇ ਰੂਬਰੂ ਕਰਨ ਦੇ ਉਦੇਸ਼ ਨਾਲ ਜਿਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਤਿਹਾਸਕ ਸਥਾਨਾਂ ‘ਤੇ ਵੱਖ-ਵੱਖ ਮਹੱਤਵਪੂਰਨ ਯਾਦਗਾਰਾਂ ਦਾ ਨਿਰਮਾਣ ਕੀਤਾ ਗਿਆ ਹੈ ਉਥੇ ਹੀ ਅਨੇਕਾਂ ਹੋਰ ਮਹੱਤਵਪੂਰਨ ਯਾਦਗਾਰਾਂ ਦੇ ਉਸਾਰੀ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।
ਸ. ਸੇਖਵਾਂ ਨੇ ਦੱਸਿਆ ਕਿ ਬਾਬਾ ਜੈ ਸਿੰਘ ਜੀ ਖਲਕੱਟ ਦਾ ਸਾਰਾ ਹੀ ਪਰਿਵਾਰ ਆਪਣੇ ਸਿਧਾਂਤਾਂ ਨੂੰ ਕਾਇਮ ਰਖਦਿਆਂ ਸ਼ਹੀਦ ਹੋ ਗਿਆ ਸੀ ਅਤੇ ਬਾਬਾ ਜੈ ਸਿੰਘ ਜੀ ਦੀ ਜਿਊਂਦਿਆਂ ਹੀ ਪੁੱਠੀ ਖੱਲ ਲਾਹੀ ਗਈ ਸੀ। ਉਨਾ ਦੱਸਿਆ ਕਿ ਪਟਿਆਲਾ ਦੇ ਸਰਹਿੰਦ ਰੋਡ ‘ਤੇ ਸਥਿਤ ਪਿੰਡ ਬਾਰਨ ਵਿਖੇ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਸ਼ਹੀਦਾਂ ਦੀ ਯਾਦਗਾਰ ਦਾ ਨੋਡਲ ਅਫਸਰ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ ਰਾਜੇਸ਼ ਤ੍ਰਿਪਾਠੀ ਨੂੰ ਬਣਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ, ਡਾ. ਸਤਵੰਤ ਸਿੰਘ ਮੋਹੀ, ਸ਼੍ ਜੋਗਿੰਦਰ ਸਿੰਘ ਪੰਛੀ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜਰ ਸਨ।