ਡਾ:ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ, ਲੋਕ ਸਭਾ ਹਲਕਾ ਪਟਿਆਲਾ ਤੋਂ ਅੱਜ ਮਿਤੀ:19 ਜੁਲਾਈ ਨੂੰ ਲੁਧਿਆਣਾ ਨੇੜੇ ਪਿੰਡ ਹਸਨਪੁਰ ਵਿੱਚ ਬਾਬਾ ਸੂਰਤ ਸਿੰਘ ਜੀ ਖਾਲਸਾ ਨੂੰ ਮਿਲੇ, ਖਾਲਸਾ ਜੀ ਪਿਛਲੇ ਲੰਮੇ ਸਮੇਂ ਤੋਂ ਸਜਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ। ਡਾ: ਗਾਂਧੀ ਨੇ ਜਾ ਕੇ ਉਨਾਂ ਦਾ ਹਾਲ ਪੁੱਛਿਆ ਅਤੇ ਉਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ।
ਡਾ: ਗਾਂਧੀ ਨੇ ਕਿਹਾ ਕਿ ਬਾਬਾ ਸੂਰਤ ਸਿੰਘ ਜੀ ਖਾਲਸਾ ਸਿਰਫ ਇਕ ਫਿਰਕੇ ਲਈ ਨਹੀਂ, ਬਲਕਿ ਹਿੰਦੁਸਤਾਨ ਦੇ ਸਮੁੱਚੇ ਧਰਮਾਂ, ਵਰਗਾਂ ਦੇ ਕੈਦੀਆਂ ਦੇ ਸੰਵਿਧਾਨਿਕ,ਕਾਨੂੰਨੀ ਅਤੇ ਜਮਹੂਰੀ ਹਿੱਤਾਂ ਦੀ ਰਾਖੀ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਭੁੱਖ ਹੜਤਾਲ ਤੇ ਬੈਠੇ ਹਨ। ਦੇਸ਼ ਅੰਦਰ ਆਪਣੀਆਂ ਹੀ ਅਦਾਲਤਾਂ ਵੱਲੋਂ ਮਿਲੀ ਸਜਾ ਨੂੰ ਭੁਗਤ ਚੁੱਕੇ ਕੈਦੀ ਨੂੰ ਇੱਕ ਦਿਨ ਵੀ ਜੇਲ ਅੰਦਰ ਬੰਦ ਨਹੀਂ ਰੱਖ ਸਕਦੀ, ਇਹ ਨਾ ਸਿਰਫ ਮਨੁੱਖੀ ਹੱਕਾਂ, ਬਲਕਿ ਸੰਵਿਧਾਨਿਕ ਜਮਹੂਰੀ ਹੱਕਾਂ ਦੀ ਤੌਹੀਨ ਹੈ। ਬਾਬਾ ਸੂਰਤ ਸਿੰਘ ਖਾਲਸਾ ਦੀ ਸਿਹਤ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਡਾ:ਗਾਂਧੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੋਵੇਂ ਕੈਦੀਆਂ ਦੀ ਰਿਹਾਈ ਲਈ ਹੱਕੀ ਮੰਗਾਂ ਮੰਨਣ ਦੀ ਬਜਾਏ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟ ਰਹੇ ਹਨ। ਬਾਬਾ ਜੀ ਦੀ ਸਿਹਤ ਨੂੰ ਲੈ ਕੇ ਪੰਜਾਬ ਹਿੰਦੁਸਤਾਨ ਤੇ ਦੇਸ਼ ਭਰ ਵਿੱਚ ਪੈਦਾ ਹੋ ਰਹੇ ਗੁੱਸੇ ਅਤੇ ਕਸੀਦਗੀ ਦੇ ਮੱਦੇ ਨਜਰ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਉਨਾਂ ਦੀ ਜਿੰਦਗੀ ਦਾ ਨੁਕਸਾਨ ਹੋ ਗਿਆ ਤਾਂ ਇਸ ਨਾਲ ਜੋ ਹਾਲਤ ਵਿਗੜ ਰਹੀ ਹੈ, ਉਸ ਨਾਲ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਜਿੰਮੇਵਾਰੀ ਹੋਵੇਗੀ। ਇੱਥੇ ਵਰਨਣ ਯੋਗ ਹੈ ਕਿ ਸੰਸਦ ਵਿੱਚ ਡਾ: ਧਰਮਵੀਰ ਗਾਂਧੀ, ਤੇ ਭਗਵੰਤ ਮਾਨ ਅਲੱਗ ਅਲੱਗ ਤੌਰ ਤੇ ਇਹ ਮੁੱਦਾ ਜੋਰ ਸ਼ੋਰ ਨਾਲ ਉਠਾ ਚੁੱਕੇ ਹਨ। ਡਾ: ਗਾਂਧੀ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਸ਼ੈਸ਼ਨ ਦੌਰਾਨ ਇੱਕ ਵਾਰ ਫਿਰ ਇਸ ਮੁੱਦੇ ਨੂੰ ਉਠਾਉਣਗੇ ਅਤੇ ਪੰਜਾਬ, ਕੇਂਦਰ ਸਰਕਾਰਾਂ ਤੋਂ ਇਲਾਵਾ ਯੂ.ਐਨ ਅਤੇ ਅਮਨੈਸਟੀ ਇੰਟਰਨੈਸ਼ਨਲ ਦੇ ਪਲੇਟ ਫਾਰਮਾਂ ਤੇ ਇਸ ਮੁੱਦੇ ਨੂੰ ਉਠਾਉਣਗੇ।