ਪਟਿਆਲਾ, : ਦੇਸ਼ ਦੇ 67ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਆਯੋਜਿਤ ਜ਼ਿਲਾ ਪੱਧਰੀ ਸਮਾਰੋਹ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸ. ਰੱਖੜਾ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸਮੂਹ ਦੇਸ਼ਭਗਤਾਂ ਤੇ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਪਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਉਨਾ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸ. ਰੱਖੜਾ ਨੇ ਕਿਹਾ ਕਿ ਸਾਡੇ ਰੱਖਿਅਕ ਬਲਾਂ ਦੇ ਸਦਕਾ ਹੀ ਅੱਜ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਨਾ ਨੇ ਦੇਸ਼ ਨੂੰ ਆਜ਼ਾਦੀ ਤੋਂ ਬਾਅਦ ਲਗਾਤਾਰ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਬਚਾਇਆ ਹੈ। ਸ. ਰੱਖੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਲਗਾਤਾਰ ਵਿਕਾਸ ਕਰ ਰਿਹਾ ਹੈ । ਉਨਾ ਕਿਹਾ ਕਿ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਤੇ ਸੰਘਰਸ਼ੀ ਯੋਧਿਆਂ ਨੂੰ ਸਨਮਾਨ ਦੇਣ ਹਿੱਤ ਕਰਤਾਰਪੁਰ ਵਿਖੇ 25 ਏਕੜ ਰਕਬੇ ਵਿੱਚ ਕਰੀਬ 300 ਕਰੋੜ ਦੀ ਲਾਗਤ ਨਾਲ ਜੰਗ-ਏ-ਆਜ਼ਾਦੀ ਯਾਦਗਾਰ ਬਣਾਈ ਜਾ ਰਹੀ ਹੈ। ਉਨਾ ਕਿਹਾ ਕਿ ਇਸੇ ਤਰਰਾਂ ਅੰਮ੍ਰਿਤਸਰ ਵਿਖੇ ਸੈਨਿਕਾਂ ਦੀ ਯਾਦਗਾਰ ਬਣਾਈ ਜਾ ਰਹੀ ਹੈ। ਉਨਾ ਕਿਹਾ ਕਿ ਸਰਕਾਰ ਵੱਲੋਂ ਸੰਘਰਸ਼ੀ ਯੋਧਿਆਂ ਤੇ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰਨ ਵਾਲੇ ਸੂਰਬੀਰਾਂ ਨੂੰ ਸਨਮਾਨ ਦਿੰਦਿਆਂ ਇੱਕ ਹਜ਼ਾਰ ਰੁਪਏ ਪ੍ਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਉਨਾ ਕਿਹਾ ਕਿ ਪੰਜਾਬ ਅੱਜ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਗਿਆ ਹੈ ਅਤੇ ਮੁਹਾਲੀ ਵਿਖੇ ਕੌਮਾਂਤਰੀ ਹਵਾਈ ਅੱਡੇ ਦੀ ਸਥਾਪਤੀ ਵੀ ਇੱਕ ਅਹਿਮ ਪਰਾਪਤੀ ਹੈ। ਸ. ਰੱਖੜਾ ਨੇ ਕਿਹਾ ਕਿ ਦੂਜੇ ਇਨਵੈਸਟਰ ਸੰਮੇਲਨ ਦੌਰਾਨ 1 ਲੱਖ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਲਈ 391 ਸਮਝੌਤੇ ਹੋਏ ਹਨ ਜਿਨਾ ਨਾਲ ਰੋਜ਼ਗਾਰ ਦੇ 3 ਲੱਖ 60 ਹਜ਼ਾਰ ਨਵੇਂ ਮੌਕੇ ਪੈਦਾ ਹੋਣਗੇ। ਉਨਾ ਕਿਹਾ ਕਿ ਸਰਕਾਰ ਵੱਲੋਂ ਪ੍ਸ਼ਾਸ਼ਕੀ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਵੀ ਅਨੇਕਾਂ ਪਰੋਜੈਕਟ ਸਫ਼ਲਤਾ ਨਾਲ ਲਾਗੂ ਕਰਨ ਤੋਂ ਇਲਾਵਾ ਵੱਖ-ਵੱਖ ਭਲਾਈ ਸਕੀਮਾਂ, ਸ਼ਹਿਰਾਂ ਤੇ ਪਿੰਡਾਂ ਦਾ ਸਰਵ ਪੱਖੀ ਵਿਕਾਸ, ਸਿਹਤ ਸੇਵਾਵਾਂ, ਸਿੱਖਿਆ ਦੇ ਖੇਤਰ ਵਿੱਚ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।