ਨਾਭਾ : ਪੰਜਾਬ ‘ਚ ਲਗਾਤਾਰ ਵੱਧ ਰਹੀ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਭਾਵੇਂ ਕਿ ਮੌਜੂਦਾ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਉਲਟ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਵੱਲੋਂ ਰਿਸ਼ਵਤ ਲੈਣਾ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਨਾਭਾ ਵਿਖੇ ਚੌਕਸੀ ਵਿਭਾਗ ਦੀ ਪਟਿਆਲਾ ਤੋਂ ਪਹੁੰਚੀ ਵਿਸ਼ੇਸ਼ ਟੀਮ ਵੱਲੋਂ ਇੰਸਪੈਕਟਰ ਰਵਿੰਦਰ ਸਿੰਘ ਅਤੇ ਇੰਸ: ਪਿ੍ਤਪਾਲ ਸਿੰਘ ਦੀ ਅਗਵਾਈ ‘ਚ ਗੁਰਮੁੱਖ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਸਹੌਲੀ ਦੀ ਸ਼ਿਕਾਇਤ ‘ਤੇ ਛਾਪੇਮਾਰੀ ਕਰ ਕਾਨੂੰਗੋ ਭੀਮ ਸੈਨ ਪੁੱਤਰ ਦੇਵਰਾਜ ਵਾਸੀ ਪਿੰਡ ਬਨਿਆਲ ਤਹਿਸੀਲ ਭਵਾਨੀਗੜ੍ਹ ਜ਼ਿਲਾ ਸੰਗਰੂਰ ਨੂੰ 60 ਹਜ਼ਾਰ ਰੁਪਏ ਨਕਦ ਰਿਸ਼ਵਤ ਸਮੇਤ ਕਾਬੂ ਕਰ ਲਿਆ ਗਿਆ | ਇੰਸਪੈਕਟਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਭੀਮ ਸੈਨ ਨੇ ਵਿਰਾਸਤ ਦੇ ਇੰਤਕਾਲ ਨੂੰ ਝੜਾਉਣ ਸਬੰਧੀ 1 ਲੱਖ 10 ਹਜ਼ਾਰ ਰੁਪਏ ਵਿਚ ਸੌਦਾ ਤਹਿ ਕੀਤਾ ਸੀ ਜਿਸ ਦੀ ਉਹ 50 ਹਜ਼ਾਰ ਰੁਪਏ ਦੀ ਇਕ ਕਿਸ਼ਤ ਪਹਿਲਾਂ ਲੈ ਚੁੱਕਿਆ ਹੈ ਅਤੇ 60 ਹਜ਼ਾਰ ਰੁਪਏ ਲੈਂਦੇ ਅੱਜ ਇਸ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ | ਇਸ ਮੌਕੇ ਪਹੁੰਚੀ ਟੀਮ ਵਿਚ ਹੌਲਦਾਰ ਕੁੰਦਨ ਸਿੰਘ, ਵਿਜੈ ਸਾਰਦਾ, ਸਾਮ ਸੁੰਦਰ , ਰੁਲਦਾ ਸਿੰਘ, ਜਗਤਾਰ ਸਿੰਘ ਹਾਜ਼ਰ ਸਨ | ਕਾਬੂ ਆਏ ਕਾਨੂੰਗੋ ਵੱਲੋਂ ਇਹ ਰਾਸ਼ੀ ਕਿਸੇ ਹੋਰ ਰਾਹੀਂ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਣ ਦੀ ਗੱਲ ਵੀ ਕਹੀ ਗਈ |