ਸਾਹਨੇਵਾਲ, -ਸਥਾਨਕ ਲੋਕਾਂ ਦੀ ਚਿਰੋਕਣੀ ਮੰਗ ਅਤੇ ਲੋੜ ਨੂੰ ਪੂਰਾ ਕਰਦਾ ਸਾਹਨੇਵਾਲ-ਕੋਹਾੜਾ ਰੇਲਵੇ ਓਵਰਬ੍ਰਿਜ ਅੱਜ ਆਮ ਲੋਕਾਂ ਦੀ ਸਹੂਲਤ ਲਈ ਖੋਲ ਦਿੱਤਾ ਗਿਆ। ਇਸ ਦਾ ਉਦਘਾਟਨ ਅੱਜ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤਾ। 678 ਮੀਟਰ ਲੰਬਾ ਅਤੇ ਸਾਢੇ 10 ਮੀਟਰ ਚੌੜਾ ਇਹ ਪੁੱਲ ਲਗਭਗ 24 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਰਿਕਾਰਡ 3 ਸਾਲ ਵਿੱਚ ਬਣਾ ਕੇ ਲੋਕਾਂ ਦੀ ਸਹੂਲਤ ਲਈ ਖੋਲ ਦਿੱਤਾ ਗਿਆ ਹੈ। ਇਹ ਪੁੱਲ ਰਾਸ਼ਟਰੀ ਮਾਰਗ ਨੰਬਰ 1 (ਸ ਅੰਮ੍ਰਿਤਸਰ ਸਾਹਿਬ ਤੋਂ ਨਵੀਂ ਦਿੱਲੀ) ਨੂੰ ਰਾਸ਼ਟਰੀ ਮਾਰਗ ਨੰਬਰ 5 (ਲੁਧਿਆਣਾ ਤੋਂ ਚੰਡੀਗੜ) ਨਾਲ ਆਪਸ ਵਿੱਚ ਜੋੜਦਾ ਹੈ।
ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਢਿੱਲੋਂ ਨੇ ਕਿਹਾ ਕਿ 2007 ਦੀਆਂ ਚੋਣਾਂ ਸਮੇਂ ਹਲਕਾ ਸਾਹਨੇਵਾਲ ਦੇ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਵਾਜਬ ਹੱਲ ਕੱਢਿਆ ਜਾਵੇਗਾ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਸੀ ਕਿ ਇਹ ਪੁੱਲ ਕਿਸੇ ਵੀ ਹਾਲਾਤ ਵਿੱਚ ਨਹੀਂ ਬਣੇਗਾ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਇਹ ਪੁੱਲ ਲੋਕਾਂ ਦੀ ਪਿਛਲੇ 50 ਸਾਲ ਦੀ ਮੰਗ ਸੀ ਪਰ ਬਹੁਤਾ ਰਾਜਸੀ ਨੇਤਾ ਅਤੇ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਇਸ ਰੇਲਵੇ ਫਾਟਕ ਉੱਪਰ ਬਣਨ ਵਾਲੇ ਪੁੱਲ ਦੀ ਸਾਰ ਨਹੀਂ ਲਈ।
ਸ ਢਿੱਲੋਂ ਨੇ ਕਿਹਾ ਕਿ ਸਾਲ 2010-11 ਵਿਚ ਜਦੋਂ ਉਨਾਂ ਨੂੰ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ ਤਾਂ ਉਨਾਂ ਨੇ ਮਹਿਸੂਸ ਕੀਤਾ ਸੀ ਕਿ ਇਸ ਪੁੱਲ ਦੀ ਮੰਗ ਲੋਕਾਂ ਦੀ ਸਭ ਤੋਂ ਵੱਡੀ ਅਤੇ ਜਾਇਜ਼ ਮੰਗ ਹੈ। ਇਸ ਲਈ ਉਦੋਂ ਤੋਂ ਹੀ ਇਸ ਪੁੱਲ ਨੂੰ ਬਣਾਉਣ ਲਈ ਯਤਨ ਆਰੰਭ ਦਿੱਤੇ ਗਏ ਸਨ। ਕੇਂਦਰ ਵਿੱਚ ਉਸ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੋਣ ਕਰਕੇ ਕਈ ਅੜਿੱਕੇ ਵੀ ਲੱਗੇ ਪਰ ਉਨਾਂ ਨੇ ਦਿੱਲੀ ਤੱਕ ਹਰੇਕ ਫਾਈਲ ਦਾ ਪਿੱਛਾ ਕੀਤਾ ਅਤੇ ਇਸ ਪੁੱਲ ਨੂੰ ਰੇਲਵੇ ਵਿਭਾਗ ਤੋਂ ਪਾਸ ਕਰਾਉਣ ‘ਚ ਸਫ਼ਲ ਰਹੇ। ਉਨਾਂ ਕਿਹਾ ਕਿ ਹੁਣ ਵਿਰੋਧੀ ਚੁੱਪ ਕਰਕੇ ਬਹਿ ਗਏ ਹਨ ਕਿਉਂਕਿ ਉਨਾਂ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ ਹੈ। ਦੱਸਣਯੋਗ ਹੈ ਕਿ ਇਸ ਪੁੱਲ ਦੀ ਅਣਹੋਂਦ ਵੇਲੇ ਰਾਹਗੀਰਾਂ ਨੂੰ ਰੇਲਵੇ ਲਾਂਘੇ ਨੂੰ ਪਾਰ ਕਰਨ ਵਿੱਚ ਵੱੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇਸ ਰੇਲਵੇ ਲਾਈਨ ‘ਤੇ ਬਹੁਤ ਹੀ ਜਿਆਦਾ ਆਵਾਜਾਈ ਰਹਿੰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਸਥਾਨਕ ਲੋਕਾਂ ਨੇ ਸ ਢਿੱਲੋਂਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।