ਸ੍ ਮੁਕਤਸਰ ਸਾਹਿਬ: ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਤਹਿਤ ਅੱਜ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ ਤੇ ਵਿਸੇਸ਼ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਪਿੰਡ ਬੂੜਾ ਗੁੱਜਰ ਵਿਖੇ ਲੱਗੇ ਕੈਂਪ ਦਾ ਅਚਾਨਕ ਦੌਰਾ ਕਰਕੇ ਜਾਇਜਾ ਲਿਆ ਅਤੇ ਇੱਥੇ ਤਾਇਨਾਤ ਬੀ.ਐਲ.ਓ. ਤੋਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪੁੱਛਿਆ। ਇਸ ਤੋਂ ਬਿਨਾਂ ਤਹਸੀਲਦਾਰ ਚੋਣਾਂ ਸ੍ ਪਰੇਮ ਕੁਮਾਰ ਨੇ ਅੱਜ ਭੁੱਲਰ, ਦੋਦਾ, ਸੁਖਨਾ ਅਬਲੂ, ਕੋਟ ਭਾਈ, ਛੱਤੇਆਣਾ, ਮਲੋਟ ਆਦਿ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ ਇਹ ਮੁਹਿੰਮ 14 ਅਕਤੂਬਰ 2015 ਤੱਕ ਜਾਰੀ ਰਹਿਣੀ ਹੈ। ਇਸ ਲਈ ਜਿੰਨਾਂ ਦੀ ਵੀ ਉਮਰ 1 ਜਨਵਰੀ 2016 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ, ਉਹ ਨਵੀਂ ਵੋਟ ਬਣਾਉਣ ਲਈ ਫਾਰਮ ਆਪਣੇ ਬੀ.ਐਲ.ਓ. ਕੋਲ ਜਮਾ ਕਰਵਾ ਸਕਦੇ ਹਨ। ਇਸ ਤੋਂ ਬਿਨਾਂ ਮਰਿਤ ਵਿਅਕਤੀ ਦੀ ਵੋਟ ਕਟਵਾਉਣ, ਨਾਂਅ ਦੀ ਦਰੁਸਤੀ ਆਦਿ ਸਬੰਧੀ ਵੀ ਇਸ ਮੁਹਿੰਮ ਦੌਰਾਨ ਫਾਰਮ ਭਰ ਕੇ ਬੀ.ਐਲ.ਓ. ਨੂੰ ਦਿੱਤਾ ਜਾ ਸਕਦਾ ਹੈ। ਉਨਾਂ ਜ਼ਿਲੇ ਦੇ ਸਮੂਹ ਯੋਗ ਲੋਕਾਂ ਨੂੰ ਇਸ ਅਭਿਆਨ ਦੌਰਾਨ ਆਪਣੀ ਵੋਟ ਬਣਵਾਉਣ ਦੀ ਅਪੀਲ ਕੀਤੀ।