ਜ਼ਿਲਾ ਲੁਧਿਆਣਾ ਦੇ 400 ਪਿੰਡਾਂ ‘ਚ ਨੌਜਵਾਨ ਦੇਣਗੇ ਨਸ਼ਿਆਂ ਖਿਲਾਫ ਹੋਕਾ

ਲੁਧਿਆਣਾ, ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਅਤੇ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਨਹਿਰੂ ਯੁਵਾ ਕੇਂਦਰ ਰਾਹੀਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰਾਜੈਕਟ ਅਧੀਨ ਜ਼ਿਲਾ ਲੁਧਿਆਣਾ ਦੇ 400 ਪਿੰਡਾ ਵਿੱਚ ਨੌਜਵਾਨ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਣਗੇ। ਇਸ ਲਈ ਪਿੰਡ ਪੱਧਰੀ ਸਲਾਹਕਾਰ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਕਿ ਅੱਗੇ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਗੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ ਸੁਪਰੀਤ ਸਿੰਘ ਗੁਲਾਟੀ ਨੇ ਅੱਜ ਇਸ ਸੰਬੰਧੀ ਰੱਖੀ ਗਈ ਵਿਸੇਸ਼ ਮੀਟਿੰਗ ਦੌਰਾਨ ਦਿੱਤੀ।
ਉਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲਾ ਦੇ 400 ਪਿੰਡਾਂ ਵਿੱਚ ਪਿੰਡ ਪੱਧਰੀ ਨਸ਼ਾ ਵਿਰੋਧੀ ਸਲਾਹਕਾਰ ਕਮੇਟੀਆਂ ਬਣਾਈਆਂ ਜਾਣਗੀਆਂ। ਇਹ ਕੰਮ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰ ਕਰਨ ਲਈ ਤਿਆਰ ਬੈਠੇ ਹਨ, ਕਈ ਜਗਾ ਤਾਂ ਉਤਸ਼ਾਹੀ ਨੌਜਵਾਨਾਂ ਨੇ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਇਹਨਾਂ ਕਮੇਟੀਆਂ ਵਿੱਚ ਪਿੰਡ ਦੇ ਸਰਪੰਚ, ਯੂਥ ਕਲੱਬਾਂ, ਧਾਰਮਿਕ ਆਗੂ ਤੇ ਨੌਜਵਾਨ ਨੁਮਾਇੰਦੇ ਤੇ ਅਧਿਆਪਕ ਆਦਿ ਸ਼ਾਮਿਲ ਕੀਤੇ ਜਾਣਗੇ। ਇਹਨਾਂ ਦੇ ਸਹਿਯੋਗ ਨਾਲ ਪ੍ਰਾਜੈਕਟ ਨੂੰ ਪਿੰਡ ਪੱਧਰ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਅਧੀਨ ਪਿੰਡ-ਪਿੰਡ ਬਹੁਤ ਸਾਰੀਆਂ ਗਤੀਵਿਧੀਆਂ ਸ਼ੁਰੂ ਹੋਣਗੀਆਂ। ਜਿਸ ਤਹਿਤ ਹਰੇਕ ਪਿੰਡ ਵਿੱਚ ਸੱਭਿਆਚਾਰਕ ਸਮਾਗਮ, ਭਾਸ਼ਣ, ਸਲੋਗਨ, ਪੇਟਿੰਗ ਮੁਕਾਬਲੇ, ਰੈਲੀਆਂ, ਨਾਟਕ ਆਦਿ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਉਨਾਂ ਕਿਹਾ ਕਿ ਜਿਨਾ ਪਿੰਡਾਂ ਵਿੱਚ ਕਮੇਟੀਆਂ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਹਨਾਂ ਕਮੇਟੀ ਮੈਂਬਰਾਂ ਤੇ ਯੂਥ ਵਾਲੰਟੀਅਰਾਂ ਦੇ ਦੋ ਰੋਜ਼ਾ ਟ੍ਰੇਨਿੰਗ ਪ੍ਰੋਗ੍ਰਾਮ ਜਲਦੀ ਹੀ ਸ਼ੁਰੂ ਕੀਤੇ ਜਾਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਹਰੇਕ ਦਸ ਪਿੰਡਾਂ ਦੇ ਕਲੱਸਟਰ ਪਿੱਛੇ ਵੱਧ ਤੋਂ ਵੱਧ ਮੈਂਬਰ ਤੇ ਵਾਲੰਟੀਅਰ ਭਾਗ ਲੈਣਗੇ। ਸ ਗੁਲਾਟੀ ਨੇ ਸਮੂਹ ਵਿਭਾਗਾਂ ਦੇ ਮੁੱਖੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜਿਕ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕਰਕੇ ਤੰਦਰੁਸਤ ਅਤੇ ਨਿਰੋਗ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਹਰੇਕ ਵਿਭਾਗ ਅਤੇ ਵਿਅਕਤੀ ਦਾ ਸਾਂਝਾ ਕੰਮ ਹੈ ਅਤੇ ਇਸ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ।
ਇਸ ਮੌਕੇ ਜ਼ਿਲਾ ਯੂਥ ਕੋਆਰਡੀਨੇਟਰ ਸ. ਐੱਸ. ਐੱਸ. ਬੇਦੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਪ੍ਰਾਜੈਕਟ ਵਿੱਚ ਬਹੁਤ ਸਹਿਯੋਗ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਲੜੀ ਤਹਿਤ ਪਿੰਡ ਦੇ 10 ਨੌਜਵਾਨਾਂ ਦੀ ਪੀਅਰ ਐਜੂਕੇਟਰ ਵਲੰਟੀਅਰ ਕਮੇਟੀ ਵੀ ਬਣੇਗੀ, ਜੋ ਉਪਰੋਕਤ ਸਲਾਹਕਾਰ ਕਮੇਟੀ ਨਾਲ ਤਾਲਮੇਲ ਕਰਦੇ ਹੋਏ ਪਿੰਡ ਵਿਚ ਚੇਤਨਾ ਮੁਹਿੰਮ ਚਲਾਏਗੀ। ਇਹ ਕਮੇਟੀ ਘਰ-ਘਰ ਜਾ ਕੇ ਲੋਕਾਂ ਵਿਚ ਨਸ਼ੇ ਦੀਆਂ ਆਦਤਾਂ ਦਾ ਅਧਿਐਨ ਕਰੇਗੀ ਅਤੇ ਜ਼ਿਲਾ ਭਰ ਵਿਚੋਂ ਲੋਕਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਇਕ ਉਦਾਰਹਰਨ ਵਜੋਂ ਪੇਸ਼ ਕਰਨ ਹਿੱਤ ਨਸ਼ਾ ਮੁਕਤੀ ਕੈਂਪ ਤੋਂ ਨਸ਼ਾ ਵੀ ਛੁਡਾਇਆ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਸ ਦਲਜੀਤ ਸਿੰਘ ਲੋਟੇ, ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ, ਸ ਬਲਵੀਰ ਸਿੰਘ ਰਾਣਾ ਅਤੇ ਹੋਰ ਅਧਿਕਾਰੀ ਅਤੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਹਾਜ਼ਰ ਸਨ।