ਪਟਿਆਲਾ :ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਅਤੇ ਨਸ਼ਿਆਂ ਦੇ ਖਿਲਾਫ਼ ਵਿਆਪਕ ਪੱਧਰ ‘ਤੇ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ, ਲੋਕਾਂ ਵੱਲੋਂ ਲਗਾਤਾਰ ਮਿਲੇ ਸਹਿਯੋਗ ਸਦਕਾ ਹੀ ਸਫ਼ਲ ਹੋ ਰਹੀ ਹੈ। ” ਇਹ ਪ੍ਰਗਟਾਵਾ ਪਟਿਆਲਾ ਜ਼ੋਨ ਦੇ ਆਈ.ਜੀ ਸ. ਪਰਮਜੀਤ ਸਿੰਘ ਗਿੱਲ ਨੇ ਅੱਜ ਪਟਿਆਲਾ ਵਿਖੇ ਵੱਡੀ ਗਿਣਤੀ ਸਮਾਜ ਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਨਸ਼ਿਆਂ ਦੀ ਵਰਤੋਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਚੁੱਕੇ ਅਨੇਕਾਂ ਨੌਜਵਾਨਾਂ ਦੀ ਹੌਂਸਲਾ ਅਫਜਾਈ ਕਰਨ ਲਈ ਆਯੋਜਿਤ ਸੈਮੀਨਾਰ ਦੌਰਾਨ ਕੀਤਾ। ਸ. ਗਿੱਲ ਨੇ ਕਿਹਾ ਕਿ ਲੋਕਾਂ ਨੇ ਜਿਸ ਦਲੇਰੀ ਨਾਲ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਅੱਤਵਾਦ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਸੀ ਉਸੇ ਹੀ ਦਲੇਰੀ ਨਾਲ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਮਾੜੇ ਅਨਸਰਾਂ ਦੇ ਸਫਾਏ ਲਈ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਹੈ, ਜੋ ਕਿ ਸ਼ਲਾਘਾਯੋਗ ਹੈ।
ਸ. ਗਿੱਲ ਨੇ ਕਿਹਾ ਕਿ ਪੁਲਿਸ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਤੋੜਨ ਵਿੱਚ ਲੋਕਾਂ ਦੇ ਸਹਿਯੋਗ ਨਾਲ ਹੀ ਕਾਮਯਾਬ ਹੋ ਸਕੀ ਹੈ ਅਤੇ ਪੰਜਾਬ ਮੁੜ ਨਸ਼ਿਆਂ ਕਾਰਨ ਖੋਖਲਾ ਨਾ ਹੋ ਸਕੇ ਇਸ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਭਵਿੱਖ ‘ਚ ਲਗਾਤਾਰ ਪਿੰਡਾਂ ਤੇ ਸ਼ਹਿਰਾਂ ‘ਚ ਲੋਕਾਂ ਨਾਲ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦਾ ਸਰਕਾਰੀ ਹਸਪਤਾਲਾਂ ਅਤੇ ਨਸ਼ਾ ਮੁਕਤੀ ਕੇਂਦਰਾਂ ‘ਚ ਇਲਾਜ ਕਰਵਾ ਕੇ ਸਿਹਤਮੰਦ ਬਣਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਨਸ਼ਾ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਆਈ.ਜੀ ਨੇ ਭਵਿੱਖ ਵਿੱਚ ਵੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਵਿਆਪਕ ਪੱਧਰ ‘ਤੇ ਜਾਰੀ ਰੱਖਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਡੀ.ਆਈ.ਜੀ ਸ. ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਨਸ਼ੇ ਇੱਕ ਵੱਡੀ ਸਮਾਜਿਕ ਬੁਰਾਈ ਹਨ ਜਿਸ ਤੋਂ ਛੁਟਕਾਰਾ ਪਾਉਣ ਵਿੱਚ ਹਰੇਕ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ।ਉਨਾਂ ਕਿਹਾ ਕਿ ਵਿਦਿਅਕ ਤੇ ਸਮਾਜ ਸੇਵੀ ਸੰਸਥਾਵਾਂ ਸਮਾਜਿਕ ਬੁਰਾਈਆਂ ਦੇ ਖਾਤਮੇ ‘ਚ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੁੰਦੀਆਂ ਹਨ ਸਮਾਜ ਸੇਵੀਆਂ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਲਈ ਭਰਵਾਂ ਯੋਗਦਾਨ ਮਿਲਿਆ ਹੈ।
ਸੈਮੀਨਾਰ ਦੌਰਾਨ ਕਈ ਵਿਅਕਤੀਆਂ ਨੇ ਆਪਣੀ ਹੱਡ ਬੀਤੀ ਸੁਣਾਈ ਅਤੇ ਦੱਸਿਆ ਕਿ ਉਹ ਕਿਵੇਂ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਤਬਾਹ ਕਰ ਰਹੇ ਸਨ ਪਰ ਸਰਕਾਰ ਅਤੇ ਪੁਲਿਸ ਦੀ ਪ੍ਰੇਰਨਾ ਸਦਕਾ ਹੁਣ ਉਹ ਨਸ਼ਿਆਂ ਰੂਪੀ ਬਿਮਾਰੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਚੁੱਕੇ ਹਨ ਅਤੇ ਸਮਾਜ ਵਿੱਚ ਇੱਕ ਆਮ ਨਾਗਰਿਕ ਵਜੋਂ ਜਿੰਦਗੀ ਬਤੀਤ ਕਰ ਰਹੇ ਹਨ। ਕੁਝ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਸਖ਼ਤੀ ਕਾਰਨ ਨਸ਼ਿਆਂ ਦੀ ਸਪਲਾਈ ਬੰਦ ਹੋ ਗਈ ਤੇ ਨਸ਼ਾ ਨਾ ਮਿਲਣ ਕਾਰਨ ਉਨਾਂ ਨੇ ਨਸ਼ਿਆਂ ਦਾ ਸੇਵਨ ਛੱਡਣ ਦਾ ਦ੍ਰਿੜ ਇਰਾਦਾ ਕਰ ਲਿਆ ।