ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਣ ਪਹੁੰਚਿਆ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਕੇ ‘ਤੇ ਮੌਜੂਦ ਰਹੇ। ਅਕਾਲੀ ਦਲ ਦੇ ਵਫ਼ਦ ਵੱਲੋਂ SGPC ਦੀਆਂ ਨਵੀਆਂ ਬਣੀਆਂ ਵੋਟਰ ਸੂਚੀਆਂ ‘ਚ ਹੋਈ ਵੱਡੀ ਧਾਂਦਲੀ ਦੇ ਮੁੱਦੇ ‘ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ । ਅਕਾਲੀ ਦਲ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਕੀਤੀਆਂ ਜਾ ਰਹੀਆਂ ਵੋਟਰ ਸੂਚੀਆਂ ਵਿੱਚ ਕਈ ਖਾਮੀਆਂ ਹਨ। ਜਿਸ ਸੰਬੰਧੀ ਇਹ ਮੁਲਾਕਾਤ ਕੀਤੀ ਗਈ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਨੂੰ ਸਾਰੇ ਦਸਤਾਵੇਜ ਸੌਂਪੇ ਗਏ ਹਨ, ਵੋਟਰ ਸੂਚੀਆਂ ‘ਚ ਵੱਡੀ ਧਾਂਦਲੀ ਹੋਈ ਹੈ, ਇਨਾ ਸੁਚੀਆ ‘ਚ ਕਈ ਵੋਟਰਾਂ ਦੇ ਨਾਵਾਂ ਪਿੱਛੇ ਨਾ ਹੀ ‘ਸਿੰਘ’ ਲੱਗਿਆ ਹੈ ਨਾ ਹੀ ‘ਕੌਰ’।” ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਲਈ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ‘ਤੇ 24 ਜਨਵਰੀ ਤੱਕ ਸਬੰਧਤ ਰਿਵਾਈਜ਼ਿੰਗ ਅਧਿਕਾਰੀਆਂ ਕੋਲ ਅਪੀਲ ਤੇ ਇਤਰਾਜ਼ ਦਾਇਰ ਕਰਵਾਏ ਜਾ ਸਕਦੇ ਹਨ । ਅਕਾਲੀ ਦਲ ਦੇ ਵਫਦ ਨੇ ਅਪੀਲ ਕੀਤੀ ਕਿ ਇਤਰਾਜ਼ ਦਾਇਰ ਕਰਨ ਦੀ ਤਾਰੀਕ 31 ਮਾਰਚ ਤਕ ਅੱਗੇ ਕੀਤੀ ਜਾਵੇ।