ਪਟਿਆਲਾ, ਪੰਚਾਇਤ ਯੂਨੀਅਨ ਪੰਜਾਬ ਦੇ ਸਰਪੰਚਾਂ ਤੇ ਹੋ ਰਹੇ ਹਮਲਿਆਂ ਦਾ ਸਖਤ ਨੋਟਿਸ ਲਿਆ ਹੈ, ਜਿਸ ਸਬੰਧੀ ਯੂਨੀਅਨ ਦੇ ਸੁਬਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਸਰਪੰਚਾਂ ਤੇ ਹੋਰ ਰਹੇ ਹਮਲਿਆਂ ਪ੍ਰਤੀ ਗੰਭੀਰਤਾ ਨਾ ਪ੍ਰਗਟਾਈ ਤਾਂ ਪੰਚਾਇਤਾਂ ਨੂੰ ਸੜਕਾਂ ਦੇ ਆਉਣ ਲਈ ਮਜਬੂਰ ਹੋਣਾ ਪਵੇਗਾ। ਇਹ ਬਿਆਨ ਸ੍ਰੀ ਕਾਕੜਾ ਨੇ ਨਾਭਾ ਨਜ਼ਦੀਕ ਪਿੰਡ ਪਾਲੀਆਂ ਦੇ ਸਰਪੰਚ ਪਲਵਿੰਦਰ ਸਿੰਘ ਦੇ ਕਤਲ ਹੋਣ ਦੇ ਸੰਦਰਭ ਵਿਚ ਦਿਤਾ ਹੈ। ਸ੍ਰੀ ਕਾਕੜਾ ਨੇ ਇਥੇ ਕਿਹਾ ਕਿ ਪਾਲੀਆਂ ਪਿੰਡ ਦੇ ਸਰਪੰਚ ਦੇ ਕਤਲ ਹੋਏ ਨੂੰ ਅੱਜ ਕਾਫੀ ਦਿਨ ਹੋ ਗਏ ਹਨ ਪਰ ਪੁਲਸ ਉਸ ਦੇ ਸਾਰੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ। ਇਹ ਸਰਪੰਚ ਦੇ ਕਤਲ ਹੋਣ ਤੇ ਪੁਲਸ ਵਲੋਂ ਕੀਤੀ ਜਾ ਰਹੀ ਢਿੱਲ ਮੱਠ ਹੀ ਕਰਾਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਪੰਚ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਹ ਜਰੂਰੀ ਹੈ ਕਿ ਸਰਪੰਚ ਪਲਵਿੰਦਰ ਸਿੰਘ ਦੇ ਪਰਵਾਰ ਦੇ ਦੁੱਖ ਨੂੰ ਸਮਝਦੇ ਹੋਏ ਉਨ੍ਹਾਂ ਅਨੁਸਾਰ ਹੀ ਪੁਲਸ ਵਲੋਂ ਕਾਰਵਾਈ ਕੀਤੀ ਜਾਵੇ।