ਪਟਿਆਲਾ,:ਪੰਜਾਬ ਸਰਕਾਰ ਵੱਲੋਂ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਤੇ ਮੁਰੰਮਤ ‘ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਜੋ ਪਟਿਆਲਾ ਨੂੰ ਭਵਿੱਖ ‘ਚ ਸੈਰ ਸਪਾਟੇ ਦੇ ਅਹਿਮ ਕੇਂਦਰ ਵਜੋਂ ਵਿਕਸਤ ਕਰਕੇ ਸੈਲਾਨੀਆਂ ਨੂੰ ਇਥੋਂ ਦੇ ਵਿਰਾਸਤੀ ਸਭਿਆਚਾਰ, ਰਵਾਇਤੀ ਵਪਾਰ, ਪੁਰਾਣੇ ਬਜ਼ਾਰਾਂ ਅਤੇ ਵੱਖ-ਵੱਖ ਕਲਾਵਾਂ ਦੇ ਰੂਬਰੂ ਕੀਤਾ ਜਾ ਸਕੇ। ਇਨਾ ਵਿਚਾਰਾਂ ਦਾ ਪ੍ਗਟਾਵਾ ਪੰਜਾਬ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ ਨੇ ਵਿਸ਼ਵ ਵਿਰਾਸਤ ਦਿਹਾੜੇ ਮੌਕੇ ਪਟਿਆਲਾ ‘ਚ ਆਯੋਜਿਤ ‘ਵਿਰਾਸਤੀ ਸੈਰ’ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੀਤਾ। ਸਮਾਰੋਹ ਦੌਰਾਨ ਮੇਅਰ ਸ. ਅਮਰਿੰਦਰ ਸਿੰਘ ਬਜਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਵੈਲਪਮੈਂਟ ਐਂਡ ਰਿਸਰਚ ਆਰਗੇਨਾਈਜੇਸ਼ਨ ਫਾਰ ਨੇਚਰ ਆਰਟਸ ਐਂਡ ਹੈਰੀਟਜ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਤੇ ਪੰਜਾਬ ਟੂਰਿਜ਼ਮ ਦੇ ਸਹਿਯੋਗ ਨਾਲ ਕਰਵਾਈ ‘ਵਿਰਾਸਤੀ ਸੈਰ’ ਦਾ ਆਗਾਜ਼ ਸ਼ਾਹੀ ਸਮਾਧਾਂ ਤੋਂ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ ਅਤੇ ਮੇਅਰ ਸ. ਅਮਰਿੰਦਰ ਸਿੰਘ ਬਜਾਜ ਵੱਲੋਂ ਕੀਤਾ ਗਿਆ। ਇਸ ਮੌਕੇ ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ ਅਤੇ ਚੇਅਰਮੈਨ ਜ਼ਿਲਾ ਪਰਿਸ਼ਦ ਸ. ਜਸਪਾਲ ਸਿੰਘ ਕਲਿਆਣ ਵੀ ਹਾਜ਼ਰ ਸਨ।
ਸ. ਅਬਲੋਵਾਲ ਨੇ ਕਿਹਾ ਕਿ ਪਟਿਆਲਾ ਵਿੱਚ ਸ਼ੀਸ਼ ਮਹਿਲ, ਕਿਲਾ ਮੁਬਾਰਕ, ਬਹਾਦਰਗੜ੍ਹ ਦਾ ਕਿਲਾ, ਸ਼ਾਹੀ ਸਮਾਧਾਂ ਆਦਿ ਕੀਮਤੀ ਵਿਰਾਸਤ ਦੀਆਂ ਅਨਮੋਲ ਨਿਸ਼ਾਨੀਆਂ ਹਨ ਜਿਨਾ ਦੀ ਸਾਂਭ ਸੰਭਾਲ ਲਈ ਸਰਕਾਰ ਗੰਭੀਰ ਹੈ। ਉਨਾ ਕਿਹਾ ਕਿ ਪਟਿਆਲਾ ਦੇ ਅੰਦਰੂਨੀ ਹਿੱਸੇ ਵਿੱਚ ਸਥਿਤ ਮਕਾਨ ਅਤੇ ਦੁਕਾਨਾਂ, ਘਰਾਂ ਦੇ ਦਰਵਾਜਿਆਂ, ਕੰਧਾਂ, ਪਰਛੱਤੀਆਂ ਆਦਿ ‘ਤੇ ਖੂਬਸੂਰਤ ਨਕਾਸ਼ੀ ਅਤੇ ਫੁੱਲ ਬੂਟੀਆਂ ਵੀ ਖਿੱਚ ਦਾ ਕੇਂਦਰ ਬਣਦੀਆਂ ਹਨ। ਪਟਿਆਲਵੀਆਂ ਨੇ ਵਿਰਾਸਤੀ ਸੈਰ ਵਿੱਚ ਹਿੱਸਾ ਲੈਂਦੇ ਹੋਏ ਬਾਬਾ ਆਲਾ ਸਿੰਘ ਜੀ ਦੀ ਸਮਾਧ, ਛੱਤਾ ਨਾਨੂਮੱਲ, ਭਾਂਡਿਆਂ ਵਾਲਾ ਬਜ਼ਾਰ, ਦਰਸ਼ਨੀ ਡਿਊਢੀ ਅਤੇ ਕਿਲਾ ਮੁਬਾਰਕ ਦਾ ਦੌਰਾ ਕਰਕੇ ਪਟਿਆਲਾ ਦੀ ਅਨਮੋਲ ਵਿਰਾਸਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਨੰਦ ਮਾਣਿਆ। ਪੰਜਾਬ ਟੂਰਿਜ਼ਮ ਦੇ ਗਾਈਡ ਸ਼੍ਰੀ ਸਰਬਜੀਤ ਸਿੰਘ ਨੇ ਇਤਿਹਾਸਕ ਇਮਾਰਤਾਂ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਪ੍ਦਰਸ਼ਿਤ ਕੀਤੀਆਂ ਗਈਆਂ। ਇਸ ਦੌਰਾਨ ਸਾਹਿਬ ਦਸ਼ਮੇਸ਼ ਗੱਤਕਾ ਅਖਾੜਾ ਦੇ 6 ਤੋਂ 18 ਸਾਲ ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।