ਪਟਿਆਲਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵਿਕਾਸ ਮੁਖੀ ਯੋਜਨਾਵਾਂ ਤਹਿਤ ਭਵਨ ਨਿਰਮਾਣ ਦੇ ਕਾਰਜਾਂ ਵਿੱਚ ਲੱਗੇ ਸਮਾਣਾ ਹਲਕੇ ਦੇ ਦੋ ਪਿੰਡਾ ਦੇ ਕਾਮਿਆਂ ਦੇ 50 ਬੱਚਿਆਂ ਨੂੰ ਅੱਜ ਸਾਈਕਲ ਵੰਡੇ ਗਏ । ਇਹ ਸਾਈਕਲ 9ਵੀਂ ਜਮਾਤ ਤੋਂ ਲੈ ਕੇ 12 ਜਮਾਤ ਵਿੱਚ ਪੜਦੇ ਪਸਿਆਣਾਂ ਅਤੇ ਜਾਹਲਾਂ ਪਿੰਡ ਦੇ ਵਿਦਿਆਰਥੀਆਂ ਨੂੰ ਜ਼ਿਲਾ ਪਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਅਤੇ ਸ਼ਰੋਮਣੀ ਅਕਾਲੀ ਦਲ ਦੇ ਐਨ. ਆਰ ਆਈ ਵਿੰਗ ਦੇ ਚੇਅਰਮੈਨ ਸ. ਚਰਨਜੀਤ ਸਿੰਘ ਰੱਖੜਾ ਨੇ ਵੰਡੇ। ਇਸ ਮੌਕੇ ਸ. ਜਸਪਾਲ ਸਿੰਘ ਕਲਿਆਣ ਅਤੇ ਸ. ਚਰਨਜੀਤ ਸਿੰਘ ਰੱਖੜਾ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ ਜਿਨਾਂ ਦੇ ਮਾਪੇ ਰਾਜ ਸਰਕਾਰ ਦੇ ਲੇਬਰ ਵਿਭਾਗ ਕੋਲ ਰਜਿਸਟਰਡ ਹਨ। ਉਨਾਂ ਦੱਸਿਆ ਕਿ ਰਾਜ ਸਰਕਾਰ ਦੀ ਇਹ ਸਕੀਮ ਸਾਰੇ ਵਰਗਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੁਰੰਮਤ ਦੇ ਕੰਮਾਂ ਵਿੱਚ ਲੱਗੇ ਲੋਕਾਂ ਦੇ ਬੱਚਿਆਂ ਨੂੰ ਵਜ਼ੀਫ਼ੇ ਵੀ ਦਿੱਤੇ ਜਾ ਰਹੇ ਹਨ। ਸ. ਕਲਿਆਣ ਅਤੇ ਸ. ਰੱਖੜਾ ਨੇ ਦੱਸਿਆ ਕਿ ਬਿਲਡਿੰਗ ਉਸਾਰੀ ਦੇ ਕੰਮਾਂ ਵਿੱਚ ਲੱਗੇ ਕਾਮੇ ਜਿਸ ਵਿੱਚ ਰਾਜ ਮਿਸਤਰੀ ਤੋਂ ਲੈ ਕੇ, ਬਿਜਲੀ, ਸੈਨੇਟਰੀ, ਲੱਕੜੀ, ਲੋਹੇ ਦਾ ਕੰਮ ਕਰਨ ਵਾਲੇ ਸਾਰੇ ਕਾਰੀਗਰ ਸ਼ਾਮਲ ਹਨ, ਉਹ ਸਾਰੇ ਰਾਜ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਇਸ ਦੇ ਲਈ ਉਨਾਂ ਨੂੰ ਇੱਕ ਵਾਰ 25 ਰੁਪਏ ਦੀ ਰਜਿਸਟਰੇਸ਼ਨ ਫ਼ੀਸ ਤੋਂ ਇਲਾਵਾ ਇੱਕ ਸਾਲ ਲਈ 120 ਰੁਪਏ ਦੇਣੇ ਹੋਣਗੇ। ਉਹਨਾਂ ਕਿਹਾ ਕਿ ਰਾਜ ਸਰਕਾਰ ਦੀ ਵਜ਼ੀਫ਼ਾ ਸਕੀਮ ਤਹਿਤ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੋਂ ਇਲਾਵਾ ਡਿਗਰੀ, ਇੱਥੋਂ ਤੱਕ ਕਿ ਪਰੋਫੈਸ਼ਨਲ ਕੋਰਸ ਜਿਨਾਂ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਵਰਗੇ ਕੋਰਸ ਸ਼ਾਮਲ ਹਨ, ਸਾਰਿਆਂ ਨੂੰ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਲੜਕਿਆਂ ਨੂੰ ਤਿੰਨ ਹਜ਼ਾਰ ਰੁਪਏ ਪ੍ਤੀ ਸਾਲ ਦਿੱਤਾ ਜਾਂਦਾ ਹੈ ਅਤੇ ਲੜਕੀਆਂ ਲਈ ਚਾਰ ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਇਸੇ ਤਰਾ 6ਵੀਂ ਤੋਂ 8ਵੀਂ ਜਮਾਤ ਤੱਕ ਦੀਆਂ ਲੜਕੀਆਂ ਲਈ ਸੱਤ ਹਜ਼ਾਰ ਜਦ ਕਿ ਲੜਕਿਆਂ ਲਈ ਇਹ ਰਾਸ਼ੀ 5 ਹਜ਼ਾਰ ਰੁਪਏ ਰੱਖੀ ਗਈ ਹੈ। ਉਨਾਂ ਦੱਸਿਆ ਕਿ ਨੌਵੀਂ ਅਤੇ ਦਸਵੀਂ ਜਮਾਤ ਦੇ ਲੜਕਿਆਂ ਲਈ 10 ਹਜ਼ਾਰ ਅਤੇ ਲੜਕੀਆਂ ਲਈ 13 ਹਜ਼ਾਰ ਰੁਪਏ ਦੀ ਰਾਸ਼ੀ ਵਜ਼ੀਫ਼ਾ ਸਕੀਮ ਤਹਿਤ ਦਿੱਤੀ ਜਾ ਰਹੀ ਹੈ। ਉਨਾਂ ਆਖਿਆ ਕਿ 11ਵੀਂ ਅਤੇ 12ਵੀਂ ਦੀਆਂ ਲੜਕੀਆਂ ਲਈ 25 ਹਜ਼ਾਰ ਰੁਪਏ ਅਤੇ ਲੜਕਿਆਂ ਲਈ 20 ਹਜ਼ਾਰ ਰੁਪਏ, ਡਿਗਰੀ ਕੋਰਸਾਂ ਵਿੱਚ ਲੜਕੀਆਂ ਲਈ 30 ਹਜ਼ਾਰ ਰੁਪਏ ਅਤੇ ਲੜਕਿਆਂ ਲਈ 25 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ। ਇਨਾਂ ਵਿੱਚੋਂ ਹੀ ਹੋਸਟਲ ਵਿੱਚ ਰਹਿਣ ਵਾਲਿਆਂ ਨੂੰ 15 ਹਜ਼ਾਰ ਰੁਪਏ ਸਾਲਾਨਾ ਅਲੱਗ ਤੋਂ ਦਿੱਤਾ ਜਾਂਦੇ ਹਨ। ਮੈਡੀਕਲ ਅਤੇ ਇੰਜੀਨੀਅਰਿੰਗ ਕਰਨ ਵਾਲੀਆਂ ਲੜਕੀਆਂ ਨੂੰ 50 ਹਜ਼ਾਰ ਰੁਪਏ ਅਤੇ ਲੜਕਿਆਂ ਨੂੰ 40 ਹਜ਼ਾਰ ਰੁਪਏ ਪ੍ਤੀ ਸਾਲ ਦਿੱਤੇ ਜਾਂਦੇ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਵੀ ਮੌਜੂਦ ਸਨ