ਲੁਧਿਆਣਾ, -ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲਾ ਟਰਾਂਸਪੋਰਟ ਵਿਭਾਗ, ਪੁਲਿਸ ਅਤੇ ਮੀਡੀਆ ਵੱਲੋਂ ਐਮ.ਬੀ.ਡੀ. ਮਾਲ ਦੇ ਨਜ਼ਦੀਕ ਫਿਰੋਜ਼ਪੁਰ ਸੜਕ ‘ਤੇ ਲਗਾਏ ਗਏ ਵਿਸ਼ੇਸ਼ ਪੁਲਿਸ ਨਾਕੇ ਦੌਰਾਨ ਹੈਲਮਟ, ਬਿਨਾ ਸੀਟ ਬੈਲਟ, ਕਾਲੀਆਂ ਫਿਲਮਾਂ ਵਾਲੀਆਂ ਗੱਡੀਆਂ, ਟੈਪਰੇਰੀ ਨੰਬਰ, ਓਵਰ ਸਪੀਡ, ਓਵਰਲੋਡ ਬੱਸਾਂ, ਗੈਰ ਕਾਨੂੰਨੀ ਢੰਗ ਨਾਲ ਮੋਡੀਫਾਈ ਕੀਤੀਆਂ ਟਰੱਕਾਂ ਦੀਆਂ ਬਾਡੀਆਂ ਸਮੇਤ ਵਾਹਨਾਂ ਦੇ ਵੱਖ-ਵੱਖ ਤਰਾ ਦੇ ਚਾਲਾਨ ਕੀਤੇ ਗਏ।
ਜ਼ਿਕਰਯੋਗ ਹੈ ਕਿ ਅੱਜ ਫਿਰੋਜ਼ਪੁਰ ਰੋਡ ‘ਤੇ ਜ਼ਿਲਾ ਟਰਾਂਸਪੋਰਟ ਅਫ਼ਸਰ ਅਨਿਲ ਗਰਗ ਅਤੇ ਏ. ਸੀ. ਪੀ. (ਟਰੈਫਿਕ) ਮੈਡਮ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਹਿੱਤ ਵਿਸ਼ੇਸ਼ ਤੌਰ ‘ਤੇ ਨਾਕਾ ਲਗਾਇਆ ਗਿਆ ਸੀ। ਇਸ ਨਾਕੇ ਦੌਰਾਨ ਅਧਿਕਾਰੀਆਂ ਨੇ ਕਿਸੇ ਵੀ ਅਧਿਕਾਰੀ ਜਾਂ ਰਾਜਸੀ ਆਗੂ ਦੇ ਸਿਫਾਰਸ਼ ਨਹੀਂ ਮੰਨੀ, ਸਗੋਂ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਧੀਆਂ ਸਬਕ ਮਿਲਿਆ ਹੈ। ਜ਼ਿਲਾ ਟਰਾਂਸਪੋਰਟ ਅਫਸਰ ਅਨਿਲ ਗਰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਚਲਾਨ ਦੇ ਡਰ ਕਾਰਨ ਨਹੀਂ ਬਲਕਿ ਆਪਣਾ ਫਰਜ਼ ਸਮਝ ਕੇ ਕਰਨ। ਉਹਨਾਂ ਕਿਹਾ ਕਿ ਕਈ ਵਾਰ ਆਮ ਦੇਖਣ ‘ਚ ਆਉਂਦਾ ਹੈ ਕਿ ਲੋਕ ਨਾ ਸਮਝੀ ਕਾਰਨ ਆਪਣੀਆਂ ਕੀਮਤੀ ਜਾਨਾਂ ਦਾ ਨੁਕਸਾਨ ਕਰ ਬੈਠਦੇ ਹਨ। ਉਹਨਾਂ ਸਕੂਲੀ ਵਿਦਿਅਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਉਹਨਾਂ ਇਹ ਵੀ ਕਿਹਾ ਕਿ ਅਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਰੋਜ਼ਾਨਾ ਹਾਦਸਿਆਂ ਨਾਲ ਵਾਪਰ ਰਹੀਆਂ ਘਟਨਾਵਾਂ ‘ਤੇ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਾਂ।
ਏ. ਸੀ. ਪੀ. (ਟਰੈਫਿਕ) ਮੈਡਮ ਰਿਚਾ ਅਗਨੀਹੋਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 196 ਚਲਾਨ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੇ ਆਦੇਸ਼ ‘ਤੇ ਅਜਿਹੇ ਨਾਕੇ ਭਵਿੱਖ ਵਿੱਚ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲੱਗਦੇ ਰਹਿਣਗੇ, ਤਾਂ ਜੋ ਲੋਕ ਸੜਕ ਆਵਾਜਾਈ ਨਿਯਮਾਂ ਦੀ ਉਲੰਘਣਾ ਨਾ ਕਰ ਸਕਣ।