ਪਟਿਆਲਾ, :ਪੰਜਾਬ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਅੱਜ ਚਿਤਕਾਰਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਸਮੇਂ ਐਮ.ਬੀ.ਏ. ਦੇ 7ਵੇਂ ਬੈਚ ਦੇ ਵਿਦਿਆਰਥੀਆਂ ਦੇ ਪਾਸਿੰਗ ਆਊਟ ਅਵਸਰ ‘ਤੇ ਬੋਲਦਿਆਂ ਆਖਿਆ ਕਿ ਵਿਦਿਅਕ ਅਦਾਰਿਆਂ ਨੂੰ ਢੁਕਵੀਂ ਅਤੇ ਕਿੱਤਾ ਮੁੱਖੀ ਵਿਦਿਆ ਪ੍ਰਦਾਨ ਕਰਨ ਵੱਲ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।
ਪ੍ਰੋਫੈਸਰ ਸੋਲੰਕੀ ਨੇ ਆਖਿਆ ਕਿ ਸਮੇਂ ਦੀ ਲੋੜ ਹੈ ਕਿ ਵਿਦਿਅਕ ਅਦਾਰਿਆਂ ਨੂੰ ਸਨਅਤੀ ਘਰਾਣਿਆਂ ਨਾਲ ਤਾਲ ਮੇਲ ਰੱਖਣ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਤਾਂ ਜੋ ਵਿਦਿਆ ਪ੍ਰਾਪਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਜਿੱਥੇ ਰੁਜ਼ਗਾਰ ਦੇ ਅਵਸਰ ਪ੍ਰਾਪਤ ਹੋਣਗੇ ਉੱਥੇ ਨਾਲ ਹੀ ਉਹ ਆਪਣੇ ਸਹਾਇਕ ਧੰਦੇ ਵੀ ਸ਼ੁਰੂ ਕਰ ਸਕਦੇ ਹਨ। ਉਹਨਾਂ ਆਖਿਆ ਕਿ ਅਜਿਹੇ ਅਗਾਂਹਵਧੂ ਕਦਮ ਚੁੱਕਣ ਨਾਲ ਸਿਹਤਮੰਦ ਤੇ ਨਿਰੋਏ ਸਮਾਜ ਦੀ ਸਿਰਜਣਾ ਯਕੀਨਨ ਹੋਵੇਗੀ। ਇਸ ਲਈ ਯੂਨੀਵਰਸਿਟੀਆਂ ਅਹਿਮ ਭੂਮਿਕਾ ਨਿਭਾ ਕੇ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ।
ਰਾਜਪਾਲ ਨੇ ਆਖਿਆ ਕਿ ਵਿਦਿਆ ਹੀ ਇੱਕ ਅਜਿਹਾ ਸਾਧਨ ਹੈ ਜੋ ਕਿ ਮਹਾਨ ਕੌਮਾਂ ਦੀ ਸਿਰਜਣਾ ਲਈ ਸਹਾਈ ਹੁੰਦਾ ਹੈ। ਉਹਨਾਂ ਆਖਿਆ ਕਿ ਕੋਈ ਵੀ ਕੌਮ ਉੱਥੋਂ ਦੇ ਲੋਕਾਂ ਤੋਂ ਜਾਣੀ ਜਾਂਦੀ ਹੈ ਅਤੇ ਲੋਕ ਵਿਦਿਆ ਅਤੇ ਸਭਿਆਚਾਰ ਤੋਂ ਜਾਣੇ ਜਾਂਦੇ ਹਨ ਜਿਸ ਕਰਕੇ ਵਿਦਿਅਕ ਅਦਾਰਿਆਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਮਿਆਰੀ ਵਿਦਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਅਮੀਰ ਕਦਰਾਂ ਕੀਮਤਾਂ ਅਤੇ ਸਭਿਆਚਾਰਕ ਗੁਣਾਂ ਦੇ ਨਾਲ-ਨਾਲ ਉਹਨਾਂ ਵਿੱਚ ਇਨਸਾਨੀਅਤ ਦੇ ਵਡਮੁੱਲੇ ਗੁਣਾਂ ਦੇ ਧਾਰਨੀ ਵੀ ਬਣਾਉਣ।
ਪ੍ਰੋਫੈਸਰ ਸੋਲੰਕੀ ਨੇ ਆਖਿਆ ਕਿ ਚਿਤਕਾਰਾ ਯੂਨੀਵਰਸਿਟੀ ਲੋੜੀਂਦੀ, ਅਰਥ ਭਰਪੂਰ ਮਿਆਰੀ ਵਿਦਿਆ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਨੌਜਵਾਨਾਂ ਨੂੰ ਪ੍ਰਦਾਨ ਕਰ ਰਹੀ ਹੈ। ਉਹਨਾਂ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਡਿਜ਼ੀਟਲ ਇੰਡੀਆ, ਸਕਿਲ ਇੰਡੀਆ ਅਤੇ ਮੇਕ ਇਨ ਇੰਡੀਆ ਦਾ ਸੁਪਨਾ ਚਿਤਵਿਆ ਹੈ ਅਤੇ ਉਸ ਲਈ ਅਸਰ ਦਾਇਕ ਢੰਗ ਨਾਲ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਉਹਨਾਂ ਆਖਿਆ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਵਿਦਿਆਰਥੀ ਵਰਗ ਅਤੇ ਵਿਦਿਆਕ ਅਦਾਰੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੋ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਤઠ’ਸ’ઠਦੀ ਗੱਲ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਲਈ ਸਿੱਖਿਆ ਜ਼ਰੂਰੀ ਹੈ ਪਰ ਕੁਝ ਹੋਰ ਗੁਣ ਵੀ ਜ਼ਰੂਰੀ ਹਨ। ਜਿਹਨਾਂ ਵਿਚ ਸੇਵਾ, ਸੰਤੁਲਨ, ਸਮਨਵੇਅ, ਸੰਜਮ, ਸੰਵਾਦ, ਸਾਕਾਰਤਮਕ, ਸੰਵੇਦਨਾ ਸ਼ਾਮਲ ਹਨ। ਜਿਸ ਨਾਲ ਵਿਅਕਤੀ ਸਫ਼ਲ ਇਨਸਾਨ ਬਣ ਸਕਦਾ ਹੈ ਅਤੇ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾਉਂਦਾ ਹੈ।
ਇਸ ਮੌਕੇ ਉਹਨਾਂ ਫੋਰਟੀਜ਼ ਅਤੇ ਰੈਲੀਗੇਅਰ ਕੰਪਨੀ ਦੇ ਵਾਇਸ ਚੇਅਰਮੈਨ ਸ੍ਰੀ ਸ਼ਿਵੇਂਦਰ ਮੋਹਨ ਸਿੰਘ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ।ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਕੁਮਾਰ ਦੀ ਸ਼ਲਾਘਾ ਕਰਦਿਆਂ ਪ੍ਰੋਫੈਸਰ ਸੋਲੰਕੀ ਨੇ ਆਖਿਆ ਕਿ ਉਹਨਾਂ ਨੇ ਆਪਣੇ ਤਜਰਬੇ ਸਦਕਾ ਫੋਰਟਿਸ ਗਰੁੱਪ ਦੇ ਵਾਈਸ ਚੇਅਰਮੈਨ ਸ਼੍ਰੀ ਸ਼ਵਿੰਦਰ ਮੋਹਨ ਸਿੰਘ ਨੂੰ ਉਹਨਾਂ ਦੀਆਂ ਵਿਦਿਅਕ, ਬਿਜਨਸ ਅਤੇ ਇਨਸਾਨੀਅਤ ਪ੍ਰਤੀ ਅਹਿਮ ਯੋਗਦਾਨ ਪਾਉਣ ਸਦਕਾ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਦੇ ਕੇ ਸਹੀ ਚੋਣ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਐਮ.ਬੀ.ਏ. ਦੇ ਵੱਡੇ ਬੈਚ ਦੇ ਵਿਅਿਦਾਰਥੀਆਂ ਨੂੰ ਵਧਾਈ ਦਿੱਤੀ ਕਿ ਉਹ ਖੁਸ਼ ਕਿਸਮਤ ਹਨ ਜਿਹਨਾਂ ਨੂੰ ਸ਼੍ਰੀ ਸ਼ਵਿੰਦਰ ਮੋਹਨ ਸਿੰਘ ਦੀਆਂ ਦੇਸ਼ ਅਤੇ ਵਿਸ਼ਵ ਪ੍ਰਤੀ ਅਹਿਮ ਸੇਵਾਵਾਂ ਤੋਂ ਪ੍ਰੇਰਨਾ ਮਿਲਣ ਦਾ ਅਵਸਰ ਪ੍ਰਾਪਤ ਹੋਇਆ ਹੈ। ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਮੋਹਿੰਦਰਪਾਲ ਅਤੇ ਐਸ.ਡੀ.ਐਮ ਰਾਜਪੁਰਾ ਵਿਕਰਮਜੀਤ ਸ਼ੇਰਗਿੱਲ ਅਤੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।