ਲੁਧਿਆਣਾ,:ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਅੱਜ ਸਵੇਰੇ ਇਕ ਇਮਾਰਤ ਦੀ ਛੱਡ ਡਿੱਗ ਜਾਣ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ 30-35 ਦੇ ਕਰੀਬ ਮਜ਼ਦੂਰ ਮਲਬੇ ਹੇਠ ਦਬ ਗਏ ਜਿਨ੍ਹਾਂ ਵਿੱਚੋਂ 25 ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ ਜਦਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਪਗ 5 ਮਜ਼ਦੂਰ ਅਜੇ ਵੀ ਮਲਬੇ ਹੇਠ ਦਬੇ ਹੋਏ ਹੋ ਸਕਦੇ ਹਨ। ਪਤਾ ਲੱਗਾ ਹੈ ਕਿ ਮੁਕੰਦ ਨਗਰ ਇਲਾਕੇ ਦੀ 8 ਨੰਬਰ ਗਲੀ ਵਿੱਚ ਸਥਿਤ ਇਕ ਫ਼ੈਕਟਰੀ ਦੀ ਦੂਜੀ ਮੰਜ਼ਿਲ ਦੀ ਛੱਤ ਨੂੰ ‘ਜੈਕ’ ਲਗਾ ਕੇ ਨਵੀਂ ਤਕਨੀਕ ਨਾਲ ਚੁੱਕੇ ਜਾਣ ਦਾ ਕਾਰਜ ਸਵੇਰੇ 4 ਵਜੇ ਤੋਂ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਇਯ ਕਾਰਜ ਵਿੱਚ ਜੁੱਟੇ ਹੋਏ ਸਨ। ਲਗਪਗ ਸਵੇਰੇ 9.30 ਵਜੇ ਚੁੱਕੀ ਜਾ ਰਹੀ ਹੈ ਇਹ ਛੱਤ ਖਿਸਕ ਕੇ ਹੇਠਾਂ ਡਿਗ ਪਈ ਜਿਸ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ। ਇਸ ਦੇ ਨਾਲ ਲਗਦੀਆਂ ਦੋ ਫ਼ੈਕਟਰੀਆਂ ਨੂੰ ਵੀ ਛੱਤ ਡਿੱਗਣ ਨਾਲ ਭਾਰੀ ਨੁਕਸਾਨ ਪੁੱਜਾ ਹੈ ਅਤੇ ਇਕ ਗੁਆਂਢੀ ਫ਼ੈਕਟਰੀ ਦਾ ਫ਼ੋਰਮੈਨ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕਾਂ ਅਤੇ ਸਵੈ ਸੇਵੀ ਸੰਸਥਾਵਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਜਿਸ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਅਤੇ ਐਨ.ਡੀ.ਆਰ.ਐਫ.ਦੀਆਂ ਟੀਮਾਂ ਨੇ ਵੀ ਮੰਕ ‘ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਿਸ ਨਾਲ ਵੱਡੀ ਗਿਣਤੀ ਵਿੱਚ ਦੱਬੇ ਹੋਏ ਮਜ਼ਦੂਰ ਬਾਹਰ ਕੱਢੇ ਗਏ ਅਤੇ ਇਲਾਜ ਲਈ ਹਸਪਤਾਲ ਭੇਜੇ ਗਏ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅੱਗਰਵਾਲ ਵੀ ਮੌਕੇ ‘ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਇਸ ਘਟਨਾ ਵਿੱਚ ਰਾਹਤ ਕਾਰਜ ਕਰਨ ਵਾਲੇ ਇਕ ਸਮਾਜ ਸੇਵੀ ਅਨੁਸਾਰ ਉਨ੍ਹਾਂ ਵੱਲੋਂ ਮਲਬੇ ਹੇਠੋਂ ਕੱਢਿਆ ਇਕ ਵਿਅਕਤੀ ਮਰ ਚੁੱਕਾ ਸੀ ਪਰ ਅਜੇ ਤਾਈਂ ਪ੍ਰਸ਼ਾਸ਼ਨ ਵੱਲੋਂ ਅਧਿਕਾਰਤ ਤੌਰ ‘ਤੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ
ਹੈ।