ਪਟਿਆਲਾ: ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਿਸ ਟੀਮ ਨੇ ਰਿਸ਼ਵਤਖੋਰੀ ਦੇ ਮਾਮਲੇ ‘ਚ ਰਜਿੰਦਰਾ ਹਸਪਤਾਲ ਦੇ ਵਾਰਡ ਅਟੈਂਡੈਂਟ, ਦਫ਼ਤਰ ਸੀ.ਆਰ. ਬਰਾਂਚ ਪਰਮਿੰਦਰ ਸਿੰਘ ਪੁੱਤਰ ਸੂਰਜ ਭਾਨ ਵਾਸੀ ਘਾਸ ਮੰਡੀ, ਰਾਘੋਮਾਜਰਾ ਨੂੰ ਕਥਿਤ ਤੌਰ ‘ਤੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਗਿਆ | ਇਹ ਕਾਰਵਾਈ ਐਸ.ਐਸ.ਪੀ. ਵਿਜੀਲੈਂਸ ਪਰੀਤਮ ਸਿੰਘ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਐਸ.ਪੀ. ਵਿਜੀਲੈਂਸ ਕੇ.ਡੀ. ਸ਼ਰਮਾ ਵੱਲੋਂ ਗਗਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਉਰਫ਼ ਜੀਤ ਸਿੰਘ ਵਾਸੀ ਪਿੰਡ ਉਧਮਪੁਰ ਖੁੱਡਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ | ਐਸ.ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੇ ਪਿਤਾ ਸੁਰਜੀਤ ਸਿੰਘ ਅਤੇ ਤਾਇਆ ਜਰਨੈਲ ਸਿੰਘ ਦੀ 12 ਦਸੰਬਰ 2015 ਨੂੰ ਟਰੱਕ ਯੂਨੀਅਨ, ਰਾਜਪੁਰਾ ਰੋਡ ਪਟਿਆਲਾ ਕੋਲ ਲੜਾਈ ਹੋ ਗਈ ਸੀ, ਜਿਸ ਕਰਕੇ ਉਸ ਨੇ ਆਪਣੇ ਪਿਤਾ ਅਤੇ ਤਾਏ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ | ਉਸ ਦਾ ਕਹਿਣਾ ਸੀ ਕਿ ਜਿੱਥੇ ਕਿ ਪਰਮਿੰਦਰ ਸਿੰਘ ਵਾਰਡ ਅਟੈਂਡੈਂਟ ਰਾਜਿੰਦਰਾ ਹਸਪਤਾਲ ਨੇ ਉਸ ਨੂੰ ਕਿਹਾ ਕਿ ਮੈਂ ਵਿਰੋਧੀ (ਦੂਜੀ ਪਾਰਟੀ) ਦੀ ਮੈਡੀਕਲ ਰਿਪੋਰਟ ਵਿਚ ਧਾਰਾ 326 ਆਈ.ਪੀ.ਸੀ. ਤੋਂ ਬਦਲਵਾ ਕੇ ਧਾਰਾ 323, 324 ਆਈ.ਪੀ.ਸੀ. ਅਤੇ ਆਪ ਦੀ ਧਾਰਾ 325 ਆਈ.ਪੀ.ਸੀ. ਦੀ ਕਰਵਾ ਕੇ ਦੇਵਾਂਗਾ ਤਾਂ ਜੋ ਤੁਹਾਡੇ ਪਿਤਾ ਅਤੇ ਤਾਏ ਦਾ ਕੇਸ ਮਜ਼ਬੂਤ ਹੋਵੇ | ਇਸ ਸਬੰਧੀ ਉਸ ਵੱਲੋਂ 60 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸੌਦਾ 25 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ | ਜਿਸ ਸਬੰਧੀ 15 ਹਜ਼ਾਰ ਰੁਪਏ ਸੌਦਾ ਹੋਣ ਉਪਰੰਤ ਮੌਕੇ ‘ਤੇ ਹੀ ਲੈ ਲਏ ਤੇ ਅੱਜ ਉਸ ਦੀ ਦੂਜੀ ਕਿਸ਼ਤ 10 ਹਜ਼ਾਰ ਰੁਪਏ ਲੈਂਦੇ ਨੂੰ ਰੰਗੇਂ ਹੱਥੀਂ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ | ਵਿਜੀਲੈਂਸ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਲਾਫ਼ ਧਾਰਾ 7.13 (2) 88 ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ | ਵਿਜੀਲੈਂਸ ਟੀਮ ‘ਚ ਐਸ.ਆਈ ਹਰਮਿੰਦਰ ਸਿੰਘ, ਐਸ.ਆਈ. ਪਿਤਪਾਲ ਸਿੰਘ, ਐੱਸ.ਆਈ. ਜਗਤਾਰ ਸਿੰਘ, ਹੌਲਦਾਰ ਰਜਨੀਸ਼ ਕੌਸ਼ਲ, ਵਿਜੈ ਸ਼ਾਰਦਾ, ਸ਼ਾਮ ਸੁੰਦਰ, ਜਨਕ ਰਾਜ, ਮਨਦੀਪ ਸਿੰਘ ਸ਼ਾਮਿਲ ਸਨ