ਰਾਜਪੁਰਾ,:ਅੱਜ ਬਾਅਦ ਦੁਪਹਿਰ ਇੱਥੋਂ ਦੇ ਸਰਹਿੰਦ-ਪਟਿਆਲਾ ਬਾਈਪਾਸ ‘ਤੇ ਪਿੰਡ ਪਿਲਖਣੀ ਵਾਲੇ ਮੋੜ ‘ਤੇ ਆਰਬਿੱਟ ਦੀ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਕੇ ਨਵੀਂ ਸਵਿਫ਼ਟ ਕਾਰ ਭੰਨ ਦਿੱਤੀ। ਪਰੰਤੂ ਇਸ ਹਾਦਸੇ ‘ਚ ਕਾਰ ਚਾਲਕ ਵਾਲ ਵਾਲ ਬਚ ਗਿਆ। ਜਦੋਂ ਕਿ ਕਾਰ ਕਾਫ਼ੀ ਨੁਕਸਾਨੀ ਗਈ। ਇਸ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਪੁਲਿਸ ਸਮੇਤ ਹੋਰ ਆਰਬਿੱਟ ਨਾਲ ਸਬੰਧਿਤ ਵਿਅਕਤੀ ਸਮਝੌਤਾ ਕਰਨ ਲਈ ਤਰਲੋਮੱਛੀ ਹੋ ਰਹੇ ਸਨ। ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਹਰਿੰਦਰ ਸਿੰਘ ਵਾਸੀ ਪਿੰਡ ਉਪਲਹੇੜੀ ਜਿਸ ਨੇ ਲੰਘੀ ਸ਼ਾਮ ਹੀ ਨਵੀਂ ਸਵਿਫ਼ਟ ਕਾਰ ਖ਼ਰੀਦੀ ਸੀ ਨੇ ਦੱਸਿਆ ਕਿ ਉਹ ਆਪਣੀ ਨਵੀਂ ਕਾਰ ਖ਼ਰੀਦਣ ਦੀ ਖ਼ੁਸ਼ੀ ‘ਚ ਪਿੰਡ ਪਿਲਖਣੀ ਰਹਿੰਦੇ ਆਪਣੇ ਸਕੇ ਸੰਬੰਧੀਆਂ ਨੂੰ ਮਠਿਆਈ ਦੇਣ ਜਾ ਰਿਹਾ ਸੀ। ਜਿਉਂ ਹੀ ਡਰਾਈਵਰ ਪਿੰਡ ਪਿਲਖਣੀ ਵੱਲ ਮੋੜਨ ਲੱਗਿਆ ਤਾਂ ਚੰਡੀਗੜ੍ ਤੋਂ ਬਠਿੰਡਾ ਤੇਜ਼ ਰਫ਼ਤਾਰ ਨਾਲ ਪਿੱਛੋਂ ਆ ਰਹੀ ਆਰਬਿੱਟ ਨੇ ਪਿੱਛੋਂ ਆਉਂਦੀ ਹੋਈ ਨੇ ਉਸ ਦੀ ਕਾਰ ਨੂੰ ਡਰਾਈਵਰ ਸਾਈਡ ‘ਤੇ ਟੱਕਰ ਮਾਰ ਦਿੱਤੀ। ਜਿਸ ਉਪਰੰਤ ਆਰਬਿੱਟ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਬੱਸ ਦਾ ਕੰਡਕਟਰ ਬੱਸ ਦੇ ਮੁਸਾਫ਼ਰਾਂ ਦੀ ਭੀੜ ਵਿਚ ਸ਼ਾਮਲ ਹੋ ਕੇ ਇੱਧਰ ਉੱਧਰ ਹੋ ਗਿਆ। ਥਾਣਾ ਸ਼ਹਿਰੀ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਰਕੇਸ਼ ਕੁਮਾਰ ਅਤੇ ਪੀ.ਸੀ.ਆਰ ਇੰਚਾਰਜ ਮਹਿੰਗਾ ਸਿੰਘ ਸਮੇਤ ਫੋਰਸ ਵੱਡੀ ਗਿਣਤੀ ‘ਚ ਮੌਕੇ ਤੇ ਪਹੁੰਚ ਗਏ। ਬੱਸ ਦੇ ਪ੍ਬੰਧਕਾਂ ਅਤੇ ਕਾਰ ਮਾਲਕਾਂ ਵਿਚਕਾਰ ਸਮਝੌਤਾ ਹੋ ਜਾਣ ਤੇ ਕਾਰ ਵਾਲੇ ਆਪਣੀ ਕਾਰ ਲੈ ਕੇ ਚਲੇ ਗਏ ਇਸ ਦੀ ਪੁਸ਼ਟੀ ਕਾਰ ਦੇ ਮਾਲਕ ਦੇ ਰਿਸ਼ਤੇਦਾਰ ਦਲਜੀਤ ਸਿੰਘ ਨੇ ਕੀਤੀ ਹੈ।