ਭਾਦਸੋਂ/ਪਟਿਆਲਾ, :ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਛੇਤੀ ਹੀ ਹਲਕਾ ਪੱਧਰ ‘ਤੇ 25-25 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ ਜਿਸ ਨਾਲ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਪ੍ਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਮਨਤਾਰ ਸਿੰਘ ਬਰਾੜ ਨੇ ਅੱਜ ਸ਼ਾਮ ਨਾਭਾ ਬਲਾਕ ਦੇ ਪਿੰਡ ਤਰਖੇੜੀ ਕਲਾਂ ਵਿਖੇ ਆਯੋਜਿਤ ਕੁਸ਼ਤੀ ਮੁਕਾਬਲਿਆਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਸਮੇਂ ਕੀਤਾ। ਸ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਵੀ ਪਿੰਡ ਪੱਧਰ ‘ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਗਿਆ ਹੈ। ਪਿੰਡਾਂ ਵਿੱਚ ਕਬੱਡੀ ਦੇ ਨਾਲ ਨਾਲ ਕੁਸ਼ਤੀਆਂ ਤੇ ਹੋਰ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸ. ਬਰਾੜ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਪੰਜਾਬ ਦੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਬੱਡੀ ਦੀ ਖੇਡ ਵੀ ਸਿਰਫ਼ ਪੰਜਾਬ ਵਿੱਚ ਹੀ ਸੀਮਤ ਸੀ ਪਰ ਸਰਕਾਰ ਦੇ ਮਹੱਤਵਪੂਰਨ ਉਪਰਾਲਿਆਂ ਨਾਲ ਅੱਜ ਕਬੱਡੀ ਕੌਮਾਂਤਰੀ ਪੱਧਰ ‘ਤੇ ਹਰਮਨਪਿਆਰੀ ਖੇਡ ਵਜੋਂ ਆਪਣੀ ਵਿਸ਼ੇਸ਼ ਪਛਾਣ ਰੱਖਦੀ ਹੈ ਅਤੇ ਸਰਕਾਰ ਹੋਰ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਿਆਪਕ ਯੋਜਨਾਵਾਂ ਉਲੀਕ ਰਹੀ ਹੈ।
ਸ. ਬਰਾੜ ਨੇ ਕਿਹਾ ਕਿ ਜਲਦੀ ਹੀ ਪਿੰਡਾਂ ਵਿੱਚ ਖੇਡ ਕਲੱਬਾਂ ਨੂੰ ਜਿਮਨੇਜੀਅਮ, ਖੇਡ ਮੈਦਾਨਾਂ ਦੀ ਤਿਆਰੀ ਸਮੇਤ ਹੋਰ ਸਹੂਲਤਾਂ ਲਈ ਸਰਕਾਰ ਵੱਲੋਂ ਗਰਾਂਟਾਂ ਦੀ ਵੰਡ ਕੀਤੀ ਜਾਵੇਗੀ। ਉਨਾ ਕੁਸ਼ਤੀ ਮੇਲਾ ਕਰਵਾਉਣ ਵਾਲੇ ਪਿੰਡਾਂ ਤਰਖੇੜੀ ਕਲਾਂ ਅਤੇ ਤਰਖੇੜੀ ਖੁਰਦ ਦੀਆਂ ਗਰਾਮ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨਾ ਦੀ ਖੇਡ ਪ੍ਤਿਭਾ ਨੂੰ ਨਿਖਾਰਨ ਵਿੱਚ ਸਰਕਾਰ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੌਰਾਨ ਉਨਾ ਵੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ 3-3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਸ. ਬਰਾੜ ਸਮੇਤ ਹੋਰ ਸ਼ਖ਼ਸੀਅਤਾਂ ਨੇ ਪਹਿਲਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕੁਸ਼ਤੀ ਦੇ ਰੌਚਕ ਮੁਕਾਬਲੇ ਵੀ ਦੇਖੇ । ਇਸ ਮੌਕੇ ਪ੍ਬੰਧਕਾਂ ਵੱਲੋਂ ਪ੍ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।