ਪਟਿਆਲਾ,: ਸਨ 1753 ‘ਚ ਮੁਗਲ ਰਾਜ ਦੌਰਾਨ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਸਿੱਖੀ ਸਿਧਾਤਾਂ ‘ਤੇ ਪਹਿਰਾ ਦਿੰਦਿਆਂ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਉਣ ਵਾਲੇ ਪਿੰਡ ਬਾਰਨ ਦੇ ਬਾਬਾ ਜੈ ਸਿੰਘ ਜੀ ਖਲਕੱਟ ਦੀ ਯਾਦਗਾਰ ਸਥਾਪਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਗਠਿਤ ਕੀਤੀ ਕਮੇਟੀ ਦੀ ਅੱਜ ਪਲੇਠੀ ਮੀਟਿੰਗ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ ਦੀ ਪ੍ਰਧਾਨਗੀ ਹੇਠ ਪਟਿਆਲਾ ਦੇ ਸਰਕਟ ਹਾਊਸ ਵਿਖੇ ਹੋਈ ਜਿਸ ਵਿੱਚ ਇਸ ਮਹਾਨ ਸ਼ਹੀਦ ਦੇ ਪਿੰਡ ਬਾਰਨ ਵਿਖੇ ਉਹਨਾਂ ਦੀ ਯਾਦਗਾਰ ਸਥਾਪਿਤ ਕਰਨ ਅਤੇ ਪਿੰਡ ਦੇ ਸੁੰਦਰੀਕਰਨ ਅਤੇ ਸਮੁੱਚੇ ਵਿਕਾਸ ਲਈ ਵਿਚਾਰ ਚਰਚਾ ਹੋਈ।
ਸ. ਸੇਖਵਾਂ ਨੇ ਦੱਸਿਆ ਕਿ ਪਿੰਡ ਬਾਰਨ ਦੇ ਵਸਨੀਕ ਬਾਬਾ ਜੈ ਸਿੰਘ ਖਲਕੱਟ ਜੀ ਉਹਨਾਂ ਮਹਾਨ ਸ਼ਹੀਦਾਂ ਵਿਚੋਂ ਇਕ ਹਨ ਜਿਹਨਾਂ ਨੇ ਸਨ 1753 ਵਿੱਚ ਸਿੱਖ ਸਿਧਾਤਾਂ ‘ਤੇ ਪਹਿਰਾ ਦਿੰਦਿਆਂ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਪਰ ਇਸ ਛੁਪੇ ਹੋਏ ਮਹਾਨ ਅਣਗੋਲੇ ਇਤਿਹਾਸ ਤੇ ਕੁਰਬਾਨੀ ਨੂੰ ਦੁਨੀਆਂ ਤੱਕ ਪਹੁੰਚਾਉਣ ਅਤੇ ਆਉਣ ਵਾਲੀਆਂ ਪੀੜ੍ਆਂ ਨੂੰ ਯਾਦ ਕਰਾਉਣ ਲਈ ਪੰਜਾਬ ਸਰਕਾਰ ਨੇ ਹੋਰਨਾਂ ਇਤਿਹਾਸਕ ਯਾਦਗਾਰਾਂ ਵਾਂਗ ਉਹਨਾਂ ਦੀ ਪਟਿਆਲਾ ਨੇੜਲੇ ਪਿੰਡ ਬਾਰਨ ਵਿਖੇ ਯਾਦਗਾਰ ਮਨਾਉਣ ਦਾ ਫੈਸਲਾ ਕੀਤਾ ਹੈ । ਸ. ਸੇਖਵਾਂ ਨੇ ਮੀਟਿੰਗ ਵਿੱਚ ਹਾਜਰ ਕਮੇਟੀ ਦੇ ਵਾਇਸ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਅਤੇ ਕਮੇਟੀ ਦੇ ਨੋਡਲ ਅਫ਼ਸਰ-ਕਮ-ਏ.ਡੀ.ਸੀ (ਜਨਰਲ) ਸ਼੍ਰੀ ਮੋਹਿੰਦਰਪਾਲ ਨੂੰ ਕਿਹਾ ਕਿ ਬਾਬਾ ਜੀ ਦੀ ਇਕ ਬਹੁਤ ਹੀ ਸ਼ਾਨਦਾਰ ਯਾਦਗਾਰ ਸਥਾਪਿਤ ਕਰਨ ਅਤੇ ਉਹਨਾਂ ਦੇ ਪਿੰਡ ਦਾ ਸਮੁੱਚਾ ਵਿਕਾਸ ਤੇ ਸੁੰਦਰੀਕਰਨ ਲਈ ਇਕ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਜਾਵੇ ਤਾਂ ਕਿ ਇਸ ਪਰੋਜੈਕਟ ਨੂੰ ਘੋਖਣ ਅਤੇ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਭੇਜਿਆ ਜਾ ਸਕੇ। ਇਸ ਮੌਕੇ ਪਿੰਡ ਬਾਰਨ ਵਿਖੇ ਸਥਾਪਿਤ ਗੁਰੂਦੁਆਰਾ ਬਾਬਾ ਜੈ ਸਿੰਘ ਜੀ ਖਲਕੱਟ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਸੁਰਜੀਤ ਸਿੰਘ, ਸਕੱਤਰ ਸ. ਰੋਸ਼ਨ ਸਿੰਘ, ਬਾਰਨ ਦੇ ਸਰਪੰਚ ਸ. ਗੁਰਜੀਤ ਸਿੰਘ ਅਤੇ ਨਵੀਂ ਬਾਰਨ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਸ. ਸੇਖਵਾਂ ਵੱਲੋਂ ਬਾਬਾ ਜੀ ਦੀ ਯਾਦਗਾਰ ਬਣਵਾਉਣ ਲਈ ਕੀਤੇ ਅਣਥਕ ਯਤਨਾ ਸਦਕਾ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ । ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ, ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ ਅਤੇ ਏ.ਡੀ.ਸੀ. ਜਨਰਲ ਸ਼੍ ਮੋਹਿੰਦਰਪਾਲ ਨੂੰ ਵੀ ਸਨਮਾਨਿਤ ਕੀਤਾ।
ਜਿਕਰਯੋਗ ਹੈ ਕਿ ਸ. ਸੇਵਾ ਸਿੰਘ ਸੇਖਵਾਂ ਦੇ ਵਿਸ਼ੇਸ਼ ਯਤਨਾਂ ਸਦਕਾ ਬਾਬਾ ਜੈ ਸਿੰਘ ਖਲਕੱਟ ਦੇ ਜੀਵਨ ਬਾਰੇ ਨਵੇਂ ਤੱਥ ਸਾਹਮਣੇ ਆਏ ਹਨ ਕਿ 1753 ‘ਚ ਮੁਗਲ ਰਾਜ ਸਮੇਂ ਬਾਬਾ ਜੀ ਨੇ ਨਸ਼ਿਆਂ ਖਿਲਾਫ ਆਵਾਜ ਬੁਲੰਦ ਕਰਦਿਆਂ ਸਿੱਖ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਸੀ। ਬਾਬਾ ਜੈ ਸਿੰਘ ਖਲਕੱਟ ਵਲੋਂ ਨਵਾਬ ਸਰਹੰਦ ਅਬਦੁੱਸ ਸੁਮੰਦ ਖਾਂ ਦੇ ਇਕ ਮੁਗ਼ਲ ਅਹਿਲਕਾਰ ਦੀ ਹੋਈ ਬਦਲੀ ‘ਤੇ ਉਸ ਦਾ ਹੁੱਕੇ ਸਮੇਤ ਸਮਾਨ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਨੂੰ ਆਪਣੇ ਹੁਕਮ ਦੀ ਅਦੂਲੀ ਸਮਝਦਿਆਂ ਨਵਾਬ ਸਰਹੰਦ ਅਬਦੁੱਸ ਸੁਮੰਦ ਖਾਂ ਨੇ ਬਾਬਾ ਜੀ ਦੇ ਪਰਿਵਾਰ ਨੂੰ ਸ਼ਹੀਦ ਕਰਵਾ ਦਿੱਤਾ ਅਤੇ ਬਾਬਾ ਜੀ ਨੂੰ ਦਰੱਖਤ ਨਾਲ ਪੁੱਠੇ ਲਟਕਾ ਕੇ ਜਿਉਂਦਿਆਂ ਦੀ ਖੱਲ ਉਤਰਵਾ ਕੇ ਸ਼ਹੀਦ ਕਰਵਾ ਦਿੱਤਾ। ਇਸ ਸ਼ਹਾਦਤ ਦੀ ਘਟਨਾਂ ਤੋਂ ਪਹਿਲਾਂ ਬਾਬਾ ਜੀ ਦੇ ਪਰਿਵਾਰ ਦੀ ਜੋ ਇਕ ਨੂੰਹ ਗਰਭਵਤੀ ਸੀ ਉਸ ਨੂੰ ਪਰਿਵਾਰ ਵਲੋਂ ਗੁਰਮਤਾ ਕਰਕੇ ਅੰਬਾਲੇ ਵੱਲ ਭੇਜ ਦਿੱਤਾ ਗਿਆ ਸੀ ਤਾਂ ਜੋ ਪਰਿਵਾਰ ਦਾ ਚਿਰਾਗ ਬੱਚ ਸਕੇ। ਬਾਬਾ ਜੀ ਸਮੇਤ ਉਨ੍ਹਾਂ ਦੇ ਪਰਿਵਾਰ ਵਿਚੋਂ ਦੋ ਲੜਕੇ, ਇਕ ਨੂੰਹ ਤੇ ਧਰਮਪਤਨੀ ਨੂੰ ਸ਼ਹੀਦ ਕੀਤਾ ਗਿਆ ਸੀ। ਬਾਬਾ ਜੀ ਦੀ ਬੱਚ ਗਈ ਨੂੰਹ ਦੀ ਅੰਸ਼ ਬੰਸ਼ ਵਿਚੋਂ ਦੋ ਪਰਿਵਾਰ ਲੱਭੇ ਹਨ ਜਿਨ੍ਹਾਂ ਵਿਚੋਂ ਇਕ ਪਰਿਵਾਰ ਅੰਬਾਲਾ ਵਿਖੇ ਅਤੇ ਦੂਜਾ ਪਰਿਵਾਰ ਮੋਹਾਲੀ ਵਿਖੇ ਰਹਿ ਰਿਹਾ ਹੈ।
ਅੱਜ ਦੀ ਇਸ ਪਲੇਠੀ ਮੀਟਿੰਗ ਦੌਰਾਨ ਪਿੰਡ ਬਾਰਨ ਦੇ ਪੰਚਾਇਤ ਮੈਂਬਰ ਤੋਂ ਇਲਾਵਾ ਏ.ਡੀ.ਸੀ ਵਿਕਾਸ ਸ. ਪਰਮਿੰਦਰ ਪਾਲ ਸਿੰਘ, ਐਸ.ਡੀ.ਐਮ. ਪਟਿਆਲਾ ਸ. ਗੁਰਪਾਲ ਸਿੰਘ ਚਾਹਲ, ਐਕਸ਼ੀਅਨ ਪੰਚਾਇਤੀ ਰਾਜ ਸ. ਤੇਜਿੰਦਰ ਸਿੰਘ ਮੁਲਤਾਨੀ, ਘੱਟ ਗਿਣਤੀਆਂ ਅਤੇ ਦਲਿਤ ਫਰੰਟ ਦੇ ਸ. ਯੋਗਿੰਦਰ ਸਿੰਘ ਪੰਛੀ ਅਤੇ ਪਿੰਡ ਬਾਰਨ ਦੇ ਵੱਡੀ ਗਿਣਤੀ ਵਿੱਚ ਵਸਨੀਕ ਵੀ ਹਾਜਰ ਸਨ।