ਮਾਨਸਾ,: ਮਗਨਰੇਗਾ ਸਕੀਮ ਅਧੀਨ ਬਲਾਕ ਮਾਨਸਾ ਦੇ ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਬਲਾਕ ਮਾਨਸਾ ਵਿਖੇ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਪਿੰਡਾਂ ਵਿਚ ਖੇਡ ਮੈਦਾਨ ਅਤੇ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਚੰਗੀਆਂ ਖੇਡ ਸਹੂਲਤਾਂ ਪਿੰਡ ਵਿਚ ਹੀ ਮਿਲ ਸਕਣ ਜਿੱਥੇ ਨੌਜਵਾਨ ਤਿਆਰੀ ਕਰਕੇ ਖ਼ੁਦ ਨੂੰ ਆਉਣ ਵਾਲੀਆਂ ਪ੍ਰਤੀਯੋਗਤਾਵਾਂ ਲਈ ਤਿਆਰ ਕਰ ਸਕਣ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਉੱਭਾ, ਖੜਕ ਸਿੰਘ ਵਾਲਾ, ਤਾਮਕੋਟ ਅਤੇ ਕਰਮਗੜ੍ਹ ਔਤਾਂਵਾਲੀ ਵਿਖੇ ਬਾਲੀਵਾਲ ਗਰਾਊਂਡ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਾਲ 2020-21 ਦੌਰਾਨ ਬਲਾਕ ਵੱਲੋਂ 10 ਖੇਡ ਸਟੇਡੀਅਮਾਂ ਦੀ ਉਸਾਰੀ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿਚੋਂ 6 ਪਿੰਡਾਂ ਵਿਚ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 4 ਪਿੰਡਾਂ ਵਿਚ ਸਟੇਡੀਅਮ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।