ਪਟਿਆਲਾ : ਇੱਥੇ ਬੁੱਢਾ ਦਲ ਪਬਲਿਕ ਸਕੂਲ ਵੱਲੋਂ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਨੂੰ ਬਕਾਇਆ ਫੀਸਾਂ ਉਗਰਾਹੁਣ ਲਈ ਕਈ ਘੰਟੇ ਕਥਿਤ ਬੰਦੀ ਬਣਾ ਕੇ ਰੱਖਿਆ ਗਿਆ| ਇਹ ਵਿਦਿਆਰਥੀ ਨਵੀਆਂ ਜਮਾਤਾਂ ਲਈ ਅੱਜ ਪਹਿਲੇ ਦਿਨ ਸਕੂਲ ਪੁੱਜੇ ਸਨ| ਸਕੂਲ ਮੈਨੇਜਮੈਂਟ ਨੇ ਇਨਾ ਵਿਦਿਆਰਥੀਆਂ ਦੇ ਨਤੀਜੇ ਰੋਕੇ ਹੋਏ ਸਨ ਤੇ ਕਿਹਾ ਸੀ ਕਿ ਜਦੋਂ ਤੱਕ ਫੀਸਾਂ ਦਾ ਬਕਾਇਆ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਨਹੀਂ ਬਿਠਾਇਆ ਜਾਵੇਗਾ| ਇਸ ਸਕੂਲ ਦੀ ਪੇਰੈਂਟਸ ਐਸੋਸੀਏਸ਼ਨ ਨੇ ਵੱਧ ਫੀਸਾਂ ਦੇ ਮਾਮਲੇ ’ਤੇ ਅਦਾਲਤ ਵਿੱਚ ਵੀ ਅਪੀਲ ਕੀਤੀ ਹੋਈ ਹੈ। ਇਸ ਦੌਰਾਨ ਸਕੂਲ ਮੈਨੇਜਮੈਂਟ ਤੇ ਮਾਪਿਆਂ ਦਰਮਿਆਨ ਕਾਫ਼ੀ ਚਿਰ ਤੋਂ ਤਣਾਅ ਸੀ ਤੇ ਇਹ ਮਾਮਲਾ ਅੱਜ ਉਦੋਂ ਗੰਭੀਰ ਹੋ ਗਿਆ ਜਦੋਂ ਸਕੂਲ ਪ੍ਬੰਧਕਾਂ ਨੇ ਬਕਾਇਆ ਫੀਸਾਂ ਲੈਣ ਲਈ 180 ਬੱਚਿਆਂ ਦੇ ਨਤੀਜੇ ਰੋਕਣ ਦੇ ਨਾਲ ਸਕੂਲ ਵਿੱਚ ਕਥਿਤ ਬੰਦੀ ਬਣਾ ਲਿਆ।
ਜਾਣਕਾਰੀ ਮੁਤਾਬਕ ਬੱਚਿਆਂ ਨੂੰ ਬੰਦੀ ਬਣਾਏ ਜਾਣ ਦੇ ਕਰੀਬ ਤਿੰਨ ਘੰਟੇ ਬਾਅਦ ਮਾਪਿਆਂ ਨੂੰ ਪਤਾ ਲੱਗਣ ’ਤੇ ਉਹ ਸਕੂਲ ਪੁੱਜੇ ਤੇ ਪੁਲੀਸ ਦੇ ਦਖ਼ਲ ਨਾਲ ਬੱਚਿਆਂ ਨੂੰ ਛੁਡਵਾਇਆ। ਇਸ ਦੌਰਾਨ 3 ਬੱਚਿਆਂ ਦੀ ਹਾਲਤ ਵਿਗੜ ਗਈ ਜਿਨਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਉਣਾ ਪਿਆ| ਦੇਰ ਸ਼ਾਮ ਤੱਕ ਸਕੂਲ ਪ੍ਬੰਧਕਾਂ ਤੇ ਮਾਪਿਆਂ ਵਿਚਕਾਰ ਹੋਈਆਂ ਕਈ ਬੈਠਕਾਂ ਤੋਂ ਬਾਅਦ ਸਾਰੇ ਬੱਚਿਆਂ ਦਾ ਨਤੀਜਾ ਐਲਾਨ ਦਿੱਤਾ ਗਿਆ।
ਦੱਸਣਯੋਗ ਹੈ ਕਿ ਇਸ ਸਕੂਲ ਦੀਆਂ ਸਾਲਾਨਾ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਮਾਮਲਾ ਹਾਈ ਕੋਰਟ ਵਿੱਚ ਵੀ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਫੀਸਾਂ ਦੇ ਵਾਧੇ ’ਤੇ ਰੋਕ ਲਗਾਈ ਹੋਈ ਹੈ| ਸਕੂਲ ਪ੍ਬੰਧਕਾਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਪੇਰੈਂਟਸ ਐਸੋਸੀਏਸ਼ਨ ਦੇ ਪ੍ਧਾਨ ਕਾਕਾ ਸਿੰਘ ਤੇ ਹੋਰਾਂ ਨੇ ਦੱਸਿਆ ਉਨਾ ਦੇ ਬੱਚੇ ਸਵੇਰੇ 7 ਵਜੇ ਦੇ ਕਰੀਬ ਸਕੂਲ ਪੁੱਜੇ| ਇਸ ਦੌਰਾਨ ਸਕੂਲ ਪ੍ਬੰਧਕਾਂ ਨੇ ਮੁੜ ਫੀਸਾਂ ਭਰਵਾਉਣ ਲਈ ਕਿਹਾ ਤੇ ਬਕਾਇਆ ਫੀਸਾਂ ਲੈਣ ’ਤੇ ਜ਼ੋਰ ਪਾਇਆ। ਇਸ ’ਤੇ ਐਸੋਸੀਏਸ਼ਨ ਨੇ ਅਦਾਲਤੀ ਹੁਕਮਾਂ ਵਾਲੇ ਕਾਗਜ਼ ਸਕੂਲ ਪ੍ਬੰਧਕਾਂ ਨੂੰ ਸੌਂਪੇ। ਇਸ ਤੋਂ ਬਾਅਦ ਸਕੂਲ ਪ੍ਬੰਧਕਾਂ ਨੇ ਬੱਚਿਆਂ ਨੂੰ ਕਲਾਸਾਂ ਵਿੱਚ ਬਿਠਾਉਣ ਦਾ ਭਰੋਸਾ ਦਿੱਤਾ ਸੀ| ਜਦੋਂ ਮਾਪੇ ਘਰੋ ਘਰੀਂ ਚਲੇ ਗਏ ਤਾਂ ਸਕੂਲ ਪ੍ਬੰਧਕਾਂ ਨੇ ਸੈਕੰਡਰੀ ਤੇ ਜੂਨੀਅਰ ਵਿੰਗ ਦੋਹਾਂ ਸਕੂਲਾਂ ਦੇ ਕੁੱਲ 180 ਬੱਚਿਆਂ ਨੂੰ ਸਕੂਲ ਦੇ ਕਮਰਿਆਂ ਵਿੱਚ ਬੰਦ ਕਰ ਦਿੱਤਾ| ਕਰੀਬ ਤਿੰਨ ਘੰਟੇ ਬੱਚੇ ਸਕੂਲ ਦੇ ਇੱਕ ਕਮਰੇ ਵਿੱਚ ਹੀ ਬੰਦ ਰਹੇ। ਇਸ ਦੌਰਾਨ ਇੱਕ ਵਿਦਿਆਰਥੀ ਕਿਸੇ ਤਰ੍ਹਾਂ ਕਮਰੇ ਵਿੱਚੋਂ ਬਾਹਰ ਨਿਕਲਿਆ ਤੇ ਕਿਸੇ ਮਹਿਲਾ ਦੇ ਮੋਬਾਈਲ ਤੋਂ ਆਪਣੇ ਘਰ ਸੂਚਨਾ ਪਹੁੰਚਾਈ। ਇਸ ਮਗਰੋਂ ਮਾਪੇ ਸਕੂਲ ਵਿੱਚ ਇਕੱਠੇ ਹੋ ਗਏ।
ਮਾਪਿਆਂ ਨੇ ਇਸ ਸਬੰਧੀ ਹੈਲਪਲਾਈਨ ਨੰਬਰ 1091 ’ਤੇ ਵੀ ਸ਼ਿਕਾਇਤ ਕੀਤੀ। ਇਸ ਮੌਕੇ ਡੀਐਸਪੀ ਹਰਪਾਲ ਸਿੰਘ ਪੁਲੀਸ ਟੀਮ ਨਾਲ ਪੁੱਜ ਗਏ। ਇਸ ਤੋਂ ਬਾਅਦ ਸਕੂਲ ਪ੍ਬੰਧਕਾਂ ਨੇ ਬੱਚਿਆਂ ਨੂੰ ਕਮਰਿਆਂ ਵਿੱਚੋਂ ਬਾਹਰ ਕੱਢ ਦਿੱਤਾ| ਉਦੋਂ ਤੱਕ ਤਿੰਨ ਬੱਚਿਆਂ ਦੀ ਹਾਲਤ ਵਿਗੜ ਗਈ ਜਿਨਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਪੁਲੀਸ ਦੀ ਦਖ਼ਲਅੰਦਾਜ਼ੀ ਨਾਲ ਮਾਪੇ ਤੇ ਸਕੂਲ ਪ੍ਬੰਧਕਾਂ ਵਿਚਕਾਰ ਗੱਲਬਾਤ ਹੋਈ ਤੇ ਸਾਰੇ ਬੱਚਿਆਂ ਦੇ ਨਤੀਜੇ ਐਲਾਨ ਦਿੱਤੇ ਗਏ, ਹਾਲਾਂਕਿ ਫੀਸਾਂ ਦੇ ਵਾਧੇ ਦੇ ਮਾਮਲੇ ’ਤੇ ਦੋਹਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੋ ਸਕਿਆ।