ਲੁਧਿਆਣਾ,: ਲੁਧਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਭਾਜਪਾ ਦੇ ਇਕ ਸੀਨੀਅਰ ਆਗੂ ਦੀ ਸੁਰੱਖਿਆ ਚ ਤੈਨਾਤ ਜਦੋਂ ਇਕ ਮੁਲਾਜ਼ਮ ਵੱਲੋਂ ਆਪਣੀ ਏ .ਕੇ ਸਨਤਾਲੀ ਬੰਦੂਕ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਹ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਹੈੱਡ ਕਾਂਸਟੇਬਲ ਰਾਏਕੋਟ ਵਿਧਾਨਸਭਾ ਹਲਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਅਤੇ ਜਿਸ ਭਾਜਪਾ ਆਗੂ ਦੀ ਸੁਰੱਖਿਆ ਚ ਤਾਇਨਾਤ ਸੀ ਉਸ ਦਾ ਨਾਂ ਅਨਿਲ ਸਰੀਨ ਹੈ ਜਦੋਂ ਕਿ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਦੀ ਸ਼ਨਾਖਤ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਦੇ ਵਜੋਂ ਹੋਈ ਹੈ ਜਿਸ ਦੀ ਬੀਤੀ ਰਾਤ ਇਸ ਘਟਨਾ ਦੇ ਦੌਰਾਨ ਠੋਡੀ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ ਜਦੋਂ ਉਹ ਆਪਣੀ ਗੰਨ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਪਈ ਅਤੇ ਗੋਲੀ ਉਸ ਦੀ ਠੋਡੀ ਤੋਂ ਹੁੰਦੀ ਹੋਈ ਸਿਰ ਚੋਂ ਪਾਰ ਹੋ ਗਈ।
ਮ੍ਰਿਤਕ ਦੀ ਦੋ ਬੇਟੀਆਂ ਅਤੇ ਇਕ ਬੇਟਾ ਹੈ, ਜਦੋਂ ਕਿ ਮੌਕੇ ਤੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਉਸ ਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ ਛੇ ਮਹੀਨੇ ਤੋਂ ਅਨਿਲ ਸਰੀਨ ਦੀ ਸੁਰੱਖਿਆ ਚ ਤਾਇਨਾਤ ਸੀ।