ਬਟਾਲਾ,(ਬਿਊਰੋ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਜੀਵਣ ਪੱਧਰ ਉਚਾ ਚੁੱਕਣ ਅਤੇ ਹਰੇਕ ਨਾਗਰਿਕ ਨੂੰ ਘਰ ਬਣਾ ਕੇ ਦੇਣ ਦੇ ਦਾਵਿਆਂ ਦੀ ਪੋਲ ਉਸ ਵੇਲੇ ਖੁੱਲਦੀ ਨਜ਼ਰ ਆਈ ਜਦ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਕੋਟਲਾ ਨਵਾਬ ਵਿਖੇ ਜਿਲ੍ਹੇ ਦੇ ਉਘੇ ਨੌਜਵਾਨ ਕਿਸਾਨ ਆਗੂ ਯੁੱਧਬੀਰ ਸਿੰਘ ਮਾਲਟੂ ਸਾਬਕਾ ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ ਨੇ ਵਜੀਰ ਸਿੰਘ ਜਨਰਲ ਸਕੱਤਰ ਸਿਵਲ ਲਾਈਨ ਮੰਡਲ , ਐਡਵੋਕੇਟ ਅਭਿਸ਼ੇਕ ਕੁਮਾਰ ਸਮੇਤ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਸੁਣਿਆ ਅਤੇ ਪੰਜਾਬ ਸਰਕਾਰ ਖਿਲਾਫ਼ ਭੜਾਸ ਕੱਢਦੇ ਹੋਏ ਹੋਏ ਜੰਮ੍ਹ ਕੇ ਨਾਅਰੇਬਾਜੀ ਕੀਤੀ । ਇਸ ਮੌਕੇ ਯੂਥ ਆਗੂ ਯੁੱਧਬੀਰ ਸਿੰਘ ਮਾਲਟੂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਇਸ ਪਿੰਡ ਵਿਚ ਵੱਡੀ ਗਿਣਤੀ ਦੇ ਵਿਚ ਗਰੀਬ ਲੋਕ ਕੱਚੇ ਮਿੱਟੀ ਦੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹਨ ਜੋ ਕਦੇ ਵੀ ਡਿਗ ਕੇ ਹਾਦਸੇ ਦੀ ਲਪੇਟ ‘ਚ ਆ ਸਕਦੇ ਹਨ ਤੇ ਕਿਸੇ ਵੀ ਗਰੀਬ ਪਰਿਵਾਰ ਦੇ ਘਰ ਜੰਗਲ ਪਾਣੀ ਕਰਨ ਲਈ ਪਖਾਣੇ ਨਹੀਂ ਹਨ ਅਤੇ ਇਥੋਂ ਤੱਕ ਕਿ ਦਰਜਨਾਂ ਦੇ ਕਰੀਬ ਵਿਧਵਾ ਔਰਤਾਂ ਦੀਆਂ ਪੈਨਸ਼ਨਾਂ , ਬੁਢਾਪਾ ਪੈਨਸ਼ਨਾਂ , ਅਪਾਹਜਾਂ ਦੀਆਂ ਪੈਨਸ਼ਨਾਂ ਸਰਕਾਰ ਵਲੋਂ ਕੱਟ ਦਿੱਤੀਆਂ ਗਈਆਂ ਹਨ ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਇਸ ਤਬਕੇ ਨਾਲ ਸਰਾਸਰ ਨਾਇਨਸਾਫ਼ੀ ਹੈ । ਉਨਾਂ ਕਿਹਾ ਕਿ ਸਰਕਾਰ ਵਲੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਹਰੇਕ ਗਰੀਬ ਪਰਿਵਾਰ ਨੂੰ ਉਨਾਂ ਦੇ ਰੈਣਬਸੇਰੇ ਦੇ ਨੇੜੇ ਇਕ ਢੋਆ ਕਿਸਮ ਦੀ ਜਗ੍ਹਾ ਦਿੱਤੀ ਜਾਂਦੀ ਹੈ ਪਰ ਇੰਨ੍ਹਾਂ ਢੋਇਆਂ ‘ਤੇ ਪਿੰਡ ਦੇ ਕਈ ਅਸਰ ਰਸੂਖ ਰੱਖਣ ਵਾਲਿਆਂ ਨੇ ਕਬਜ਼ੇ ਕੀਤੇ ਹੋਏ ਹਨ । ਇਸ ਮੌਕੇ ਪਿੰਡ ਵਾਸੀਆਂ ਨੇ ਨੌਜਵਾਨ ਕਿਸਾਨ ਆਗੂ ਯੁੱਧਬੀਰ ਸਿੰਘ ਮਾਲਟੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਨਾਂ ਨੂੰ ਸਰਕਾਰੀ ਤੌਰ ‘ਤੇ ਦਿੱਤੇ ਜਾਣ ਵਾਲੇ ਪੱਕੇ ਘਰ , ਪਖਾਣੇ ਅਤੇ ਪੈਨਸ਼ਨਾਂ ਜਾਰੀ ਕੀਤੀਆਂ ਜਾਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਮਸੀਹ , ਰਾਜੂ ਮਸੀਹ , ਨਿਰਮਜੀਤ , ਪ੍ਰੇਮ ਮਸੀਹ , ਸਤਨਾਮ ਸਿੰਘ, ਡੇਵਿਡ ਮਸੀਹ , ਜੂਨਸ ਮਸੀਹ , ਸੁਲੱਖਣ ਮਸੀਹ , ਜੁੱਗਾ , ਸੁਖਵਿੰਦਰ ਸਿੰਘ , ਜਸਵਿੰਦਰ ਸਿੰਘ, ਕੁਲਵੰਤ ਸਿੰਘ, ਵਿੱਕੀ ਸਿੰਘ, ਸ਼ਰੀਫ਼ ਮਸੀਹ , ਚਾਨਣ ਮਸੀਹ , ਯੂਸਫ਼ ਮਸੀਹ , ਕਸ਼ਮੀਰੋ , ਭਿੱਲੀ , ਨਿੰਦਰ , ਕਸ਼ਮੀਰ ਕੌਰ , ਨੀਲਮ , ਆਸ਼ਾ ਰਾਣੀ , ਨਿੰਮੋ , ਸ਼ਮਾਂ , ਰਾਜੀ ਆਦਿ ਵੀ ਹਾਜ਼ਰ ਸਨ।