ਲੁਧਿਆਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਧ ਪਾਵਨ ਸਰੂਪਾ, ਗੁਟਕਿਆ ਤੇ ਪੋਥੀਆਂ ਦੀ ਨਿਸ਼ਕਾਮ ਰੂਪ ‘ਚ ਸੇਵਾ ਸੰਭਾਲ ਕਰਨ ਅਤੇ ਉਹਨਾਂ ਨੂੰ ਪੂਰੇ ਸਤਿਕਾਰ ਸਹਿਤ ਅਗਨ ਭੇਂਟ ਦੀ ਸੇਵਾ ਨਿਭਾਉਣ ਵਾਲੇ ਬਾਬਾ ਨਰਿੰਦਰ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪ੍ਰਭੂ ਸਿਮਰਨ ਕੇਂਦਰ ਜਵੱਦੀ ਲੁਧਿਆਣੇ ਵਾਲਿਆਂ ਵੱਲੋਂ ਸਿੱਖੀ ਦੇ ਪ੍ਰਚਾਰ ‘ਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਸਮੁੱਚੀ ਕੌਮ ਲਈ ਪ੍ਰੇਣਾ ਦਾ ਸਰੋਤ ਹਨ । ਅੱਜ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਆਪਣੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪੁੱਜੇ ਬਾਬਾ ਨਰਿੰਦਰ ਸਿੰਘ ਤੇ ਸਾਥੀਆਂ ਨਾਲ ਗੱਲਬਾਤ ਕਰਨ ਉਪਰੰਤ ਜੱਥੇ: ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ 22 ਸਾਲ ਦੇ ਲੰਮੇ ਅਰਸੇ ਤੋਂ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾ, ਗੁਟਕਿਆ, ਪੋਥੀਆ ਤੇ ਧਾਰਮਿਕ ਲਿਟਰੇਚਰ ਨੂੰ ਪੂਰਨ ਗੁਰਮਿਯਾਦਾ ਨਾਲ ਇਕੱਠਾ ਕਰਕੇ ਫਿਰ ਬਿਰਧ ਸਰੂਪਾ ਨੂੰ ਬੜੇ ਅਦਬ-ਸਤਿਕਾਰ ਨਾਲ ਸੁਧਾਈ ਕਰਨ ਉਪਰੰਤ ਖਰਾਬ ਹੋਏ ਅੰਗਾਂ (ਪੰਨਿਆਂ ਨੂੰ) ਕੱਢ ਕੇ ਮੁੜ ਨਵੇਂ ਅੰਗ (ਪੰਨੇ) ਲਗਾ ਕੇ ਨਵੇਂ ਸਿਰਿਓ ਜਿਲਦਬੰਦੀ ਕਰਕੇ ਸੰਗਤਾਂ ਨੂੰ ਨਿਸ਼ਕਾਮ ਰੂਪ ਵਿੱਚ ਭੇਂਟਾ ਰਹਿਤ ਸਰੂਪ ਦੇਣ ਦਾ ਉਪਰਾਲਾ ਕਰ ਰਹੇ ਅਤੇ ਬਹੁਤ ਬਿਰਧ ਸਰੂਪਾ ਨੂੰ ਸ਼੍ਰੌਮਣੀ ਕਮੇਟੀ ਦੇ ਸਹਿਯੋਗ ਨਾਲ ਅਗਨ ਭੇਂਟ ਕਰਨ ਦੀ ਸੇਵਾ ਨਿਭਾਅ ਰਹੇ ਬਾਬਾ ਨਰਿੰਦਰ ਸਿੰਘ ਸੇਵਾ ਤੇ ਭਗਤੀ ਦੇ ਮੁਜੱਸਮ ਹਨ । ਜਿਹਨਾਂ ਦੀ ਸੇਵਾ ਸੰਭਾਲ ਦੇ ਯਤਨਾਂ ਸਦਕਾ ਹੀ ਹੁਣ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ ਅੰਮ੍ਰਿਤਸਰ ਨੂੰ ਲਗਭਗ 330 ਦੇ ਕਰੀਬ ਪਾਵਨ ਹੱਥ ਲਿਖਤ ਪੁਰਾਤਨ ਸਰੂਪ, 100 ਦੇ ਕਰੀਬ ਦਸਮ ਗ੍ਰੰੰਥ ਦੇ ਸਰੂਪ ਤੇ ਵੱਡੀ ਗਿਣਤੀ ਵਿੱਚ ਪੋਥੀਆ ਤੇ ਪੁਸਤਕਾਂ ਭੇਂਟ ਕਰ ਚੁੱਕੇ ਹਨ । ਜੋ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਲਈ ਇਕ ਇਤਿਹਾਸਕ ਦਸਤਾਵੇਜਾ ਦੇ ਰੂਪ ਵਿੱਚ ਕਾਫੀ ਲਾਹੇਵੰਦ ਸਾਬਤ ਹੋ ਰਹੀਆ ਹਨ। ਆਪਣੀ ਗੱਲਬਾਤ ਦੌਰਾਨ ਜੱਥੇਦਾਰ ਅਵਤਾਰ ਸਿੰਘ ਨੇ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਪਤਿਤ ਪੁਣੇ ਦੇ ਖਿਲਾਫ ਸ਼ੁਰੂ ਕੀਤੀ ਗਈ ਪ੍ਰਚਾਰ ਮੁਹਿੰੰਮ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਕਿਹਾ ਕਿ ਉਹਨਾਂ ਦੀ ਯੋਗ ਪ੍ਰੇਣਾ ਦੇ ਸਦਕਾ ਹੁਣ ਤੱਕ ਜੋ 19311 ਦੇ ਕਰੀਬ ਨੌਜਵਾਨ ਤੇ ਬੱਚੇ ਪਤਿਤਪੁਣੇ ਦਾ ਤਿਆਗ ਕਰਕੇ ਪੂਰਨ ਰੂਪ ਵਿੱਚ ਗੁਰਸਿੱਖ ਬਣ ਚੁੱਕੇ ਹਨ । ਉਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਾਰਜ ਹੈ । ਉਹਨਾਂ ਨੇ ਕਿਹਾ ਕਿ ਬਾਬਾ ਨਰਿੰਦਰ ਜੀ ਵੱਲੋਂ ਕੀਤੇ ਜਾ ਰਹੇ ਕਾਰਜਾ ਖਾਸ ਕਰਕੇ ਧਰਮ ਪ੍ਰਚਾਰ ਦੇ ਕਾਰਜਾ ਨੂੰ ਤੇਜ ਕਰਨ ਲਈ ਸ਼੍ਰੋਮਣੀ ਕਮੇਟੀ ਆਪਣਾ ਹਰ ਪੱਖੋਂ ਨਿੱਘਾ ਸਹਿਯੋਗ ਦੇਵੇਗੀ ਤਾਂ ਕਿ ਸਿੱਖੀ ਦੀ ਫੁੱਲਵਾੜੀ ਹੋ ਮਹਿਕਾ ਮਾਰ ਸਕੇ । ਇਸ ਦੌਰਾਨ ਬਾਬਾ ਨਰਿੰਦਰ ਸਿੰਘ ਜੀ ਨੇ ਆਪਣੇ ਵਿਚਾਰਾ ਦੀ ਸਾਂਝ ਕਰਦਿਆ ਕਿਹਾ ਕਿ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸੇਵਾ ਦੇ ਅੰਤਰਗਤ ਉਹਨਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੇ ਪਾਵਨ ਬਿਰਧ ਸਰੂਪਾ ਦੀ ਸੇਵਾ ਸੰਭਾਲ ਤੇ ਅਗਨ ਭੇਂਟ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ । ਉਹ ਪੂਰਨ ਰੂਪ ਵਿੱਚ ਨਿਸ਼ਕਾਮ ਸੇਵਾ ਹੈ ਅਤੇ ਸਾਡੀ ਇਹੀ ਕੋਸ਼ਿਸ ਰਹੀ ਹੈ ਕਿ ਪ੍ਰਾਪਤ ਕੀਤੇ ਗਏ ਬਿਰਧ ਸਰੂਪਾ, ਪੋਥੀਆ ਤੇ ਧਾਰਮਿਕ ਲਿਟਰੇਚਰ ਦੀ ਪੂਰੀ ਜਾਂਚ ਪੜਤਾਲ ਕਰਕੇ ਫਿਰ ਹੀ ਉਹਨਾਂ ਨੂੰ ਅਗਨ ਭੇਂਟ ਕੀਤਾ ਜਾਵੇ । ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤਾਂ ਵੱਲੋਂ ਭੇਜੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਬਿਰਧ ਸਰੂਪਾ ਦੇ ਕੁਝ ਅੰਗਾਂ (ਪੰਨਿਆਂ) ਦੀ ਹਾਲਤ ਬਹੁਤ ਖਸਤਾ ਹੁੰਦੀ ਹੈ ਜਿਸਨੂੰ ਅਸੀਂ ਪੂਰੀ ਸੰਜੀਦਗੀ ਦੇ ਨਾਲ ਵੱਖ ਕਰਕੇ ਉਹਨਾਂ ਦੇ ਸਥਾਨ ਤੇ ਨਵੇਂ ਅੰਗ (ਪੱਤਰੇ) ਲਗਾ ਕੇ ਸੰਗਤਾਂ ਨੂੰ ਨਿਸ਼ਕਾਮ ਰੂਪ ਵਿੱਚ ਭੇਂਟ ਕਰਦੇ ਹਾਂ । ਉਹਨਾਂ ਨੇ ਕਿਹਾ ਕਿ ਬਹੁਤ ਹੀ ਬਿਰਧ ਸਰੂਪਾ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਜਵੱਦੀ ਲੁਧਿਆਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੋਇੰਦਵਾਲ ਸਾਹਿਬ, ਗੁ. ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਮਗੜ• ਭੁੱਲਰ (ਜਗਰਾਉ), ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਥਵਾਣ (ਰਤੀਆ) ਹਰਿਆਣਾ, ਗੁ: ਸਿੱਖ ਛਾਵਨੀਆਤ ਬਾਰਮਬਾਲਾ, ਹੈਦਰਾਬਾਦ ਤੇ ਸਿਲੀਗੁੜੀ (ਅਸਾਮ) ਦੇ ਗੁਰਦੁਆਰਾ ਸਾਹਿਬ ਦੇ ਬੜੇ ਅਦਬ ਸਤਿਕਾਰ ਨਾਲ ਅਗਨ ਭੇਂਟ ਕਰਦੇ ਹਾਂ । ਆਪਣੀ ਗੱਲਬਾਤ ਦੌਰਾਨ ਉਹਨਾਂ ਨੇ ਸ਼ਪੱਸਟ ਰੂਪ ਵਿੱਚ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨਿੱਘੇ ਸਹਿਯੋਗ ਰਾਹੀਂ ਉਕਤ ਵੱਡੇ ਕਾਰਜ ਨੂੰ ਸੰਪੂਰਨ ਕਰਦੇ ਆਏ ਹਨ ਅਤੇ ਉਹਨਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ ਰਹੀ ਹੈ ਕਿ ਦੁਰਲੱਭ ਹੱਥ ਲਿਖਤ ਸਰੂਪਾ ਦੀ ਇਤਿਹਾਸਿਕ ਮਹੱਤਤਾ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜਆਂ ਇਹਨਾਂ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਦੀਦਾਰੇ ਕਰ ਸਕਣ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਬਾਬਾ ਨਰਿੰਦਰ ਸਿੰਘ ਜੀ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ।