ਸ੍ ਮੁਕਤਸਰ ਸਾਹਿਬ,:ਸੂਬੇ ਦੇ ਹਿੱਤਾਂ ਦੀ ਆਪਣੇ ਆਖਰੀ ਦਮ ਤੱਕ ਪਹਿਰੇਦਾਰੀ ਕਰਨ ਦਾ ਐਲਾਣ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਕਿਸੇ ਹੋਰ ਸੂਬੇ ਨੂੰ ਦੇਣ ਦੀ ਕਿਸੇ ਵੀ ਸੂਰਤ ਵਿਚ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਹ ਪਾਣੀਆਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹਨ।
ਸੂਬੇ ਦੇ ਪਾਣੀਆਂ ਨੂੰ ਬਚਾਉਣ ਅਤੇ ਇੰਨਾਂ ਦੀ ਰਾਖੀ ਲਈ ਸੂਬੇ ਦੇ ਅਵਾਮ ਤੋਂ ਹਰ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਨੇੜਲੇ ਭਵਿੱਖ ਵਿਚ ਪਾਣੀਆਂ ਦੇ ਮੁੱਦੇ ਤੇ ਹੋਣ ਵਾਲੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪਾਣੀ ਕੇਵਲ ਕਿਸਾਨੀ ਲਈ ਹੀ ਨਹੀਂ ਸਗੋਂ ਹੋਰਨਾਂ ਸਭਨਾ ਕਿੱਤਿਆਂ ਵਿਚ ਲੱਗੇ ਹੋਏ ਲੋਕਾਂ ਲਈ ਵੀ ਜਰੂਰੀ ਲੋੜ ਹੈ ਅਤੇ ਜੇਕਰ ਕਿਸੇ ਵਜਾਂ ਕਾਰਨ ਇਹ ਪਾਣੀ ਹੋਰਨਾਂ ਸੂਬਿਆਂ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਕਿਸਾਨੀ ਤਬਾਹ ਹੋ ਜਾਵੇਗੀ । ਇਸਦਾ ਉਦਯੋਗ, ਆੜਤੀਆਂ, ਖੇਤ ਮਜਦੂਰਾਂ, ਵਪਾਰੀਆਂ ਆਦਿ ਸਮੇਤ ਸਭ ਵਰਗਾਂ ਦੀ ਆਰਥਿਕਤਾ ਤੇ ਬੁਰਾ ਅਸਰ ਪਵੇਗਾ। ਉਨਾਂ ਕਿਹਾ ਕਿ ਇਸ ਨਾਲ ਕਿਸਾਨੀ ਦੇ ਨਾਲ ਨਾਲ ਇਹ ਕਿੱਤੇ ਵੀ ਤਬਾਹ ਹੋ ਜਾਣਗੇ। ਉਨਾਂ ਕਿਹਾ ਕਿ ਜੇ ਸਤਲੁਜ ਯਮੁਨਾ ਲਿੰਕ ਨਹਿਰ ਹੋਂਦ ਵਿਚ ਆ ਗਈ ਤਾਂ ਇੱਥੋਂ ਦਾ ਅੱਧਾ ਪਾਣੀ ਬਾਹਰ ਚਲਾ ਜਾਵੇਗਾ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਾਂਗ ਇੱਥੇ ਵੀ ਪੀਣ ਵਾਲੇ ਪਾਣੀ ਤੱਕ ਦੇ ਲਾਲੇ ਪੈ ਜਾਣਗੇ। ਉਨਾਂ ਕਿਹਾ ਕਿ ਇੰਨਾਂ ਸੰਭਾਵੀ ਹਲਾਤਾਂ ਦੇ ਮੱਦੇਨਜਰ ਸੂਬੇ ਦੇ ਅਵਾਮ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਸੰਘਰਸ਼ ਲਈ ਹੁਣ ਤੋਂ ਹੀ ਕਮਰਕਸੇ ਕਰ ਲੈਣੇ ਚਾਹੀਦੇ ਹਨ।
ਪਾਣੀਆਂ ਦੇ ਸਬੰਧ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਪਨਾਈ ਗਈ ਦੋਗਲੀ ਨੀਤੀ ਦੀ ਅਲੋਚਨਾ ਕਰਦੇ ਹੋਏ ਸ: ਬਾਦਲ ਨੇ ਕਿਹਾ ਕਿ ਐਸ.ਵਾਈ.ਐਲ. ਨਹਿਰ ਦਾ ਟੱਕ ਸ੍ਰੀਮਤੀ ਇੰਦਰਾ ਗਾਂਧੀ ਨੇ ਲਗਾਇਆ ਸੀ ਅਤੇ ਉਸ ਸਮੇਂ ਕਾਂਗਰਸ ਦੇ ਮੌਜੂਦਾ ਸੂਬਾ ਪ੍ਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਉਨਾਂ ਦਾ ਭਰਵਾਂ ਸਵਾਗਤ ਕਰਨ ਤੋਂ ਇਲਾਵਾ ਜਸ਼ਨ ਮਨਾਏ ਸਨ। ਉਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਉਸੇ ਸਮੇਂ ਹੀ ਐਸ. ਵਾਈ.ਐਲ. ਨਹਿਰ ਦੇ ਵਿਰੁੱਧ ਆਪਣਾ ਮੋਰਚਾ ਲਗਾ ਦਿੱਤਾ ਸੀ ਅਤੇ ਉਹ ਖੁਦ ਅਨੇਕਾਂ ਅਕਾਲੀ ਆਗੂਆਂ ਅਤੇ ਵਰਕਰਾਂ ਸਮੇਤ ਜੇਲ ਗਏ ਸਨ। ਸ: ਬਾਦਲ ਨੇ ਕਿਹਾ ਕਿ ਉਨਾਂ ਨੇ ਆਪਣੀ ਉਸੇ ਪਹੁੰਚ ਦੇ ਅਧਾਰ ਉਤੇ ਐਸ.ਵਾਈ.ਐਲ. ਦਾ ਖੁਰਾ ਖੋਜ ਮਿਟਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕਰਵਾਇਆ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਰਿਪੇਅਰੀਅਨ ਸਿਧਾਂਤਾਂ ਦੀ ਉਲੰਘਣਾ ਕਰਕੇ ਰਾਜਸਥਾਨ ਨੂੰ ਵੀ ਸੂਬੇ ਦਾ ਪਾਣੀ ਦਿੱਤਾ ਹੈ। ਜੇ ਉਸਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਪੰਜਾਬ ਨੂੰ ਟਿੱਊਬਵੇਲਾਂ ਦੀ ਜਰੂਰਤ ਹੀ ਨਹੀਂ ਸੀ ਪੈਣੀ।
ਪਾਣੀਆਂ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੀ ਪਹੁੰਚ ਦੀ ਅਲੋਚਣਾ ਕਰਦੇ ਹੋਏ ਸ: ਬਾਦਲ ਨੇ ਕਿਹਾ ਕਿ ਸ੍ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਪਾਣੀਆਂ ਦੇ ਮਾਮਲੇ ਤੇ ਸੁਪਰੀਮ ਕੋਰਟ ਵਿਚ ਦਿੱਤੇ ਗਏ ਹਲਫਨਾਮੇ ਤੋਂ ਇਸ ਪਾਰਟੀ ਦਾ ਅਸਲੀ ਚੇਹਰਾ ਨੰਗਾ ਹੋ ਗਿਆ ਹੈ। ਉਨਾਂ ਕਿਹਾ ਕਿ ਇਸ ਹਲਫ਼ਨਾਮੇ ਵਿਚ ਪੰਜਾਬ ਵੱਲੋਂ ਐਸ.ਵਾਈ.ਐਲ. ਮੁੱਦੇ ਤੇ ਲਏ ਗਏ ਸਟੈਂਡ ਨੂੰ ਗੈਰਸੰਵਿਧਾਨਕ ਅਤੇ ਦੇਸ਼ ਵਿਰੋਧੀ ਦੱਸਦਿਆਂ ਕੇਜਰੀਵਾਲ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਇਸ ਸਟੈਂਡ ਨਾਲ ਦੇਸ਼ ਦੇ ਟੁੱਟਣ ਦਾ ਖਤਰਾ ਹੈ। ਉਨਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਖੁਦ ਹਰਿਆਣੇ ਨਾਲ ਸੰਬਧ ਰੱਖਦੇ ਹਨ ਇਸ ਲਈ ਉਨਾਂ ਦਾ ਆਪਣੇ ਸੂਬੇ ਨਾਲ ਮੋਹ ਹੋਣਾ ਸੁਭਾਵਿਕ ਹੈ। ਇਸ ਕਰਕੇ ਉਨਾਂ ਕੋਲੋਂ ਪੰਜਾਬ ਦੇ ਹਿੱਤਾਂ ਦੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਸੂਬੇ ਦੇ ਲੋਕਾਂ ਨੂੰ ਪਾਣੀਆਂ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਸ: ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਨਹੀਂ ਕਰਦੀਆਂ ਉਹ ਸਮੇਂ ਦੇ ਨਾਲ ਨਾਲ ਕਮਜੋਰ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਪੰਜਾਬੀ ਕਿਸੇ ਵੀ ਸੂਰਤ ਵਿਚ ਕਮਜੋਰ ਨਹੀਂ ਹਨ ਅਤੇ ਇੰਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾਇਆ ਹੈ। ਇਸ ਦੇ ਵਾਸਤੇ ਸੂਬੇ ਨੇ ਆਪਣੇ ਪਾਣੀਆਂ ਅਤੇ ਊਪਜਾਊ ਭੁਮੀ ਦੀ ਵੀ ਕੁਰਬਾਨੀ ਦਿੱਤੀ ਹੈ ਪਰ ਕੇਂਦਰ ਨੇ ਪੰਜਾਬ ਦੇ ਬਹਾਦਰ ਕਿਸਾਨਾਂ ਦਾ ਮੁੱਲ ਨਹੀਂ ਪਾਇਆ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨੀ ਨੂੰ ਮੌਜੂਦਾ ਸੰਕਟ ਵਿਚ ਟਿਉਬਵੈਲਾਂ ਲਈ ਮੁਫਤ ਬਿਜਲੀ ਦੇਣ ਤੋਂ ਇਲਾਵਾ ਹੁਣ ਬਿਨ ਵਿਆਜ ਤੋਂ 50 ਹਜਾਰ ਰੁਪਏ ਦੇ ਕਿਸਾਨੀ ਕਰਜੇ ਦੀ ਵਿਵਸਥਾ ਕੀਤੀ ਹੈ। ਇਸੇ ਤਰਾਂ ਹੀ ਕਿਸਾਨਾਂ ਅਤੇ ਹੋਰਨਾਂ ਵਰਗਾਂ ਲਈ 50 ਹਜਾਰ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੁਲਤ ਵੀ ਉਪਲਬੱਧ ਕਰਵਾਈ ਹੈ।
ਇਸ ਦੌਰੇ ਦੌਰਾਨ ਪਿੰਡ ਸੱਕਾਂ ਵਾਲੀ ਦੇ ਵਿਕਾਸ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਸਭ ਤੋਂ ਸੁੰਦਰ ਪਿੰਡ ਨੂੰ 50 ਲੱਖ, ਦੂਜੇ ਨੰਬਰ ਤੇ ਆਉਣ ਵਾਲੇ ਨੂੰ 25 ਲੱਖ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਪਿੰਡ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਣ ਵੀ ਕੀਤਾ।
ਇਸੇ ਦੌਰਾਨ ਪੱਤਕਾਰਾਂ ਵੱਲੋਂ ਸੂਬੇ ਵਿਚ ਗੈਂਗਵਾਰ ਦੀਆਂ ਘਟਨਾਵਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਹਰ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰਾਂ ਨਾਲ ਦ੍ਰਿੜ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਵਿਚ ਅਮਨ ਸਾਂਤੀ ਵਾਲਾ ਸਭ ਤੋਂ ਮੋਹਰੀ ਸੂਬਾ ਹੈ ਅਤੇ ਸੁਬਾ ਸਰਕਾਰ ਨੇ ਆਪਣੇ ਗੰਭੀਰ ਯਤਨਾਂ ਰਾਹੀਂ ਇੱਥੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਇਆ ਹੈ।
ਸੰਗਤ ਦਰਸ਼ਨ ਦੀ ਮਹੱਤਤਾ ਦਾ ਜਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਜਮਹੂਰੀਅਤ ਦੀ ਉਚਤਮ ਮਿਸਾਲ ਹੈ। ਇਸ ਵਿਚ ਜਮਹੂਰੀ ਢੰਗ ਨਾਲ ਲੋਕਾਂ ਦੀ ਲੋੜਾਂ ਮੁਤਾਬਕ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸੰਗਤ ਦਰਸ਼ਨ ਦਾ ਉਦੇਸ਼ ਸਮੇਂ ਅਤੇ ਊਰਜਾ ਦੀ ਬੱਚਤ ਕਰਨ ਤੋਂ ਇਲਾਵਾ ਵਿਕਾਸ ਕਾਰਜਾਂ ਵਿਚ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਨਾਉਣਾ ਵੀ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਸੰਗਤ ਦਰਸ਼ਨ ਕਰਨ ਦੀ ਪ੍ਰਕਿਰਿਆ ਸਿਰਫ਼ ਪੰਜਾਬ ਵਿਚ ਹੀ ਹੈ ਅਤੇ ਇਹ ਵੀ ਸਿਰਫ਼ ਉਦੋਂ ਹੁੰਦੇ ਹਨ ਜਦੋਂ ਸੂਬੇ ਦੇ ਲੋਕਾਂ ਵਲੋਂ ਉਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਅੱਜ ਚੜੇਵਾਨ, ਝਬੇਲਵਾਲੀ, ਬਾਜਾ ਮਰਾਹੜ, ਜੰਡੋਕੇ, ਸੱਕਾਂਵਾਲੀ ਆਦਿ ਥਾਂਵਾਂ ਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਕੋਈ ਢਾਈ ਦਰਜਨ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦਾ ਐਲਾਣ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਮਾਲਵਾ ਜੋਨ ਇਕ ਦੇ ਪ੍ਧਾਨ ਸ: ਕੰਗਰਜੀਤ ਸਿੰਘ ਰੋਜ਼ੀ ਬਰਕੰਦੀ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਸ: ਮਨਜਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਸ: ਹਰਪਾਲ ਸਿੰਘ ਬੇਦੀ, ਜੱਥੇਦਾਰ ਹੀਰਾ ਸਿੰਘ ਚੜੇਵਾਨ, ਜੱਥੇਦਾਰ ਨਵਤੇਜ ਸਿੰਘ ਕਾਉਣੀ, ਸ: ਭੁਪਿੰਦਰ ਸਿੰਘ ਚੜੇਵਾਨ, ਭਾਜਪਾ ਆਗੂ ਸ੍ ਰਾਜੇਸ ਪਠੇਲਾ, ਸ: ਚਰਨਜੀਤ ਸਿੰਘ ਸੱਕਾਂਵਾਲੀ, ਸ: ਜਸਵੀਰ ਸਿੰਘ ਜੰਮੂਆਣਾ, ਡਿਪਟੀ ਕਮਿਸ਼ਨਰ ਸ੍ ਸੁਮੀਤ ਜਾਰੰਗਲ, ਮੁੱਖ ਮੰਤਰੀ ਦੇ ਸੰਯੂਕਤ ਵਿਸੇਸ਼ ਪ੍ਮੁੱਖ ਸਕੱਤਰ ਸ੍ ਕੁਮਾਰ ਅਮਿਤ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ: ਕੁਲਵੰਤ ਸਿੰਘ ਆਦਿ ਵੀ ਹਾਜਰ ਸਨ।