ਬਾਦਲ ਪ੍ਰਚਾਰ ਵੈਨਾਂ ਰਾਹੀਂ ਆਪਣੇ ਅਸਲੀ ਕੰਮ ਦਿਖਾਉਣ: ਸੰਜੇ ਸਿੂੰਘ, ਛੋਟੇਪੁਰ ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਪਿਛਲੇ 2 ਸਾਲਾਂ ਵਿਚ ਸਿਰਫ ਤਸਵੀਰਾਂ ਖਿਚਾਉਣ ਅਤੇ ਮਹਿੰਗੇ ਕਪੜੇ ਪਾਉਣ ਵਿਚ ਹੀ ਮੁਹਾਰਤ ਹਾਸਲ ਕੀਤੀ ਹੈ।
ਸੰਜੇ ਨੇ ਕਿਹਾ ਕਿ ਮੋਦੀ ਦਾ ਇਕੋ ਇਕ ਟੀਚਾ ਆਮ ਆਦਮੀ ਪਾਰਟੀ ਦੁਆਰਾ ਦਿੱਲੀ ਵਿਚ ਸ਼ੁਰੂ ਕੀਤੇ ਗਏ ਲੋਕ ਹਿੱਤ ਕਾਰਜਾਂ ਨੂੰ ਰੋਕਣਾ ਹੈ। ਇਸੇ ਲੜੀ ਵਿਚ ਹੀ ਮੋਦੀ ਨੇ ਐਂਟੀ ਕਰਪਸ਼ਨ ਬਿਲ, ਸਿਟੀਜਨ ਚਾਰਟਡ ਬਿਲ, ਘਟੋ-ਘੱਟ ਤਨਖਾਹ ਬਿਲ, ਮੁਢਲੀ ਸਿੱਖਿਆ ਬਿਲ ਅਤੇ ਪੱਤਰਕਾਰਾਂ ਲਈ ਮਜੀਠੀਆ ਕਮੇਟੀ ‘ਤੇ ਅਧਾਰਿਤ ਬਿਲ ਨੂੰ ਵੀ ਰੋਕ ਲਿਆ ਹੈ। ਦਿੱਲੀ ਪੁਲਿਸ ਨੇ ਮੋਦੀ ਦੇ ਇਸ਼ਾਰੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਮੋਦੀ ਦੀ ਕੈਬਿਨੇਟ ਵਿਚ 31 ਪ੍ਰਤੀਸ਼ਤ ਮੰਤਰੀ ਅਜਿਹੇ ਹਨ ਜਿਨ੍ਹਾਂ ਖਿਲਾਫ ਗੰਭੀਰ ਧਾਰਾਵਾਂ ਅਧੀਨ ਮੁਕਦਮੇ ਚਲ ਰਹੇ ਹਨ।
ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਬੋਲਦਿਆਂ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਿਓ-ਪੁੱਤ ਨੇ ਅਕਾਲੀ ਦਲ ਨੂੰ ‘ਬਾਦਲ ਐਂਡ ਕੰਪਨੀ’ ਬਣਾ ਦਿੱਤਾ ਹੈ। ਬਾਦਲਾਂ ਨੂੰ ਸੁਝਾਅ ਦਿੰਦਿਆਂ ਛੋਟੇਪੁਰ ਨੇ ਕਿਹਾ ਕਿ ਉਹ ਪਿਛਲੇ 9 ਸਾਲਾਂ ਵਿਚ ਕੀਤੇ ਲੋਕ ਵਿਰੋਧੀ ਕਾਰਜਾਂ ਨੂੰ ਆਪਣੀਆਂ ਪ੍ਰਚਾਰ ਵੈਨਾਂ ਰਾਹੀਂ ਲੋਕਾਂ ਸਾਹਮਣੇ ਲਿਆਉਣ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਹੀ ਅਰਥਾਂ ਵਿਚ ਆਪਣੀ ਸਰਕਾਰ ਦੀਆਂ ਕਾਮਯਾਬੀ ਵਿਖਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਫੈਲੇ ਮਾਰੂ ਨਸ਼ਿਆਂ ਦੀ ਸਮੱਸਿਆ, ਹਰ ਰੋਜ ਆਤਮ ਹੱਤਿਆਵਾਂ ਕਰ ਰਹੇ ਕਿਸਾਨਾਂ, ਪੰਜਾਬ ਵਿਚੋਂ ਛੱਡ ਕੇ ਹੋਰ ਰਾਜਾਂ ਵਿਚ ਜਾ ਰਹੀ ਇੰਡਸਟਰੀ ਅਤੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਵੀਡਿਓ ਲੋਕਾਂ ਨੂੰ ਵਿਖਾਉਣੀ ਚਾਹੀਦੀਆਂ ਹਨ।
ਛੋਟੇਪੁਰ ਨੇ ਕਿਹਾ ਕਿ ਹੁਣ ਬਸ ਕੁਝ ਹੀ ਮਹੀਨੀਆਂ ਦੀ ਗੱਲ ਹੈ ਕਿ ਲੋਕ ਸਿੱਧੇ ਤੌਰ ‘ਤੇ ਬਾਦਲਾਂ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਖਿਲਾਫ ਖੜ੍ਹੇ ਹੋ ਜਾਣਗੇ ਅਤੇ ਫਿਰ ਬਾਦਲਾਂ ਅਤੇ ਬਾਕੀ ਅਕਾਲੀਆਂ ਨੂੰ ਆਪਣੇ ਘਰ ਤੋਂ ਬਾਹਰ ਆਉਣਾ ਮੁਹਾਲ ਹੋ ਜਾਵੇਗਾ। ਛੋਟੇਪੁਰ ਨੇ ਕਿਹਾ ਕਿ ਬਾਦਲ ਭਾਵੇਂ ਆਪਣੇ ਪੈਸੇ ਅਤੇ ਸੱਤਾ ਦੀ ਤਾਕਤ ਰਾਹੀਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਉਹ ਪੰਜਾਬੀਆਂ ਦੀ ਅਵਾਜ਼ ਨੂੰ ਕਦੇ ਵੀ ਦਬਾਅ ਨਹੀਂ ਸਕਦੇ।