ਬਠਿੰਡਾ,: ਬਠਿੰਡਾ ਜ਼ਿਲਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਮਿਲਿਆ ਹੈ ਅਤੇ ਇਸ ਪਲਾਂਟ ਦਾ ਉਦਘਾਟਨ ਕੇਂਦਰੀ ਫੂਡ ਪਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਨਵੇਂ ਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ, ਪੰਜਾਬ ਸ਼੍ ਬਿਕਰਮ ਸਿੰਘ ਮਜੀਠੀਆ 8 ਅਕਤੂਬਰ ਨੂੰ ਪਿੰਡ ਜਗਾ ਰਾਮ ਤੀਰਥ ਵਿਖੇ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾਂ ਮੈਨੇਜਰ ਪੇਡਾ ਰਾਜੇਸ਼ ਬਾਂਸਲ ਨੇ ਦੱਸਿਆ ਕਿ ਵੈਲਸਪਨ ਰਨਿਊਬਲਸ ਕੰਪਨੀ ਵਲੋਂ ਕਰੀਬ 223 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਜਗਾ ਰਾਮ ਤੀਰਥ ਅਤੇ ਤਿਉਣਾ ਪੁਜਾਰੀਆ ਵਿਖੇ ਸੋਲਰ ਪਲਾਂਟ ਲਗਾਇਆ ਜਾ ਚੁੱਕਾ ਹੈ। ਤਿਉਣਾ ਪੁਜਾਰੀਆ ਵਿਖੇ 20 ਮੈਗਾਵਾਟ ਅਤੇ ਜਗਾ ਰਾਮ ਤੀਰਥ ਵਿਖੇ 12 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਲਾਂਟ ਨੇ ਬਿਜਲੀ ਦੀ ਪੈਦਾਵਾਰ ਦੇਣੀ ਸ਼ੁਰੂ ਕਰ ਦਿੱਤੀ ਹੈ।
ਜ਼ਿਲਾਂ ਮੈਨੇਜਰ ਨੇ ਦੱਸਿਆ ਕਿ ਉਕਤ ਦੋਵਾਂ ਥਾਂਵਾਂ ‘ਤੇ ਇਹ ਸੋਲਰ ਪਲਾਂਟ 140 ਏਕੜ ਜ਼ਮੀਨ ਵਿਚ ਲਗਾਏ ਗਏ ਹਨ। ਇਸ ਸੋਲਰ ਪਲਾਂਟ ਰਾਹੀਂ ਕਰੀਬ 1 ਲੱਖ 50 ਹਜ਼ਾਰ ਯੂਨਿਟ ਬਿਜਲੀ ਪ੍ਤੀ ਦਿਨ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਸੋਲਰ ਪਲਾਂਟਾਂ ਰਾਹੀਂ ਬਿਜਲੀ ਪੈਦਾ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਅਤੇ ਸੂਬੇ ਵਿਚ ਵੱਡੇ ਪੱਧਰ ‘ਤੇ ਕੰਪਨੀਆਂ ਵਲੋਂ ਸੋਲਰ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਬਠਿੰਡਾ ਵਿਖੇ ਇਜ਼ਰਾਇਲ ਦੀ ਕੰਪਨੀ ਫੋਕਲ ਐਨਰਜੀ ਪਰਾਈਵੇਟ ਲਿਮਟਿਡ ਵਲੋਂ ਪਿੰਡ ਨੰਗਲਾ ਵਿਖੇ 4 ਮੈਗਾਵਾਟ ਦੀ ਸਮਰੱਥਾ ਵਾਲਾ ਸੋਲਰ ਪਲਾਂਟ ਵੀ ਨਿਰਵਿਘਨ ਚੱਲ ਰਿਹਾ ਹੈ। ਇਸੇ ਤਰਾ ਪਿੰਡ ਪਥਰਾਲਾ ਵਿਖੇ ਵੀ ਨੌਰਥ ਸਟਾਰ ਕੰਪਨੀ ਵਲੋਂ 4 ਮੈਗਾਵਾਟ ਦੀ ਸਮਰੱਥਾ ਵਾਲਾ ਸੋਲਰ ਪਲਾਂਟ ਬਿਜਲੀ ਉਤਪਾਦਨ ਪੈਦਾ ਕਰ ਰਿਹਾ ਹੈ।
ਸ਼੍ ਬਾਂਸਲ ਨੇ ਅੱਗੇ ਦੱਸਿਆ ਕਿ ਸੂਬੇ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਪੇਡਾ ਵਲੋਂ ਕਿਸਾਨਾਂ ਨੂੰ ਵੀ ਸੋਲਰ ਪਲਾਂਟ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਿਛਲੇ 3 ਸਾਲਾਂ ਤੋਂ ਜ਼ਮੀਨ ਦੇ ਮਾਲਕ 1 ਮੈਗਾਵਾਟ ਤੋਂ ਢਾਈ ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਲਾਂਟ ਲਗਾ ਸਕਦੇ ਹਨ। ਜੇਕਰ ਕੋਈ ਇਸ ਸਬੰਧੀ ਦਰਖ਼ਾਸਤ ਦੇਣਾ ਚਾਹੁੰਦਾ ਹੈ ਤਾਂ 21 ਅਕਤੂਬਰ 2015 ਨੂੰ ਸ਼ਾਮ 4 ਵਜੇ ਤੱਕ ਐਚ.ਡੀ.ਐਫ.ਸੀ. ਬੈਂਕ ਦੀ ਸ਼ਾਖਾ ਵਿਚ ਦੇ ਸਕਦਾ ਹੈ। ਦਰਖ਼ਾਸਤ ਦੇਣ ਸਬੰਧੀ ਫਾਰਮ ਐਚ.ਡੀ.ਐਫ.ਸੀ. ਬੈਂਕ ਅਤੇ ਸੁਵਿਧਾ ਕੇਂਦਰ ਵਿਚ ਉਪਲੱਬਧ ਹਨ, ਜਿਸ ਦੀ ਕੀਮਤ ਸਿਰਫ਼ 100 ਰੁਪਏ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾਂ ਪਰੀਸ਼ਦ ਕੰਪਲੈਕਸ, ਬਠਿੰਡਾ ਵਿਖੇ ਪੇਡਾ ਦੇ ਦਫ਼ਤਰ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ। ਸਰਕਾਰ ਵਲੋਂ 500 ਮੈਗਾਵਾਟ ਸੋਲਰ ਪਲਾਂਟ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ, ਜਿਸ ਵਿਚੋਂ 100 ਮੈਗਾਵਾਟ ਇਸਤਰੀਆਂ, ਐਸ.ਸੀ./ ਐਸ.ਟੀ. ਅਤੇ ਐਨ.ਆਰ.ਆਈਜ਼. ਲਈ ਰਾਖਵਾਂ ਹੈ।