ਸ੍ ਮੁਕਤਸਰ ਸਾਹਿਬ :ਪੰਜਾਬ ਸਰਕਾਰ ਵੱਲੋਂ ਚਿੱਟੀ ਮੱਖੀ ਕਾਰਨ ਨਰਮੇ ਦੀ ਫਸਲ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜਰ ਫਸਲਾਂ ਦੀ ਵਿਸੇਸ਼ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਅੱਜ ਇੱਥੇ ਦਿੱਤੀ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਤੀ ਸ਼ਾਮ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਕਮ ਦਿੱਤੇ ਗਏ ਹਨ ਜਿੰਨਾਂ ਅਨੁਸਾਰ ਜ਼ਿਲੇ ਵਿਚ ਮਾਲ ਵਿਭਾਗ ਦੇ ਅਮਲੇ ਨੂੰ ਤੁਰੰਤ ਹੀ ਗਿਰਦਾਵਰੀ ਕਰਕੇ ਰਿਪੋਟ ਦੇਣ ਲਈ ਕਹਿ ਦਿੱਤਾ ਗਿਆ ਹੈ। ਇਸ ਲਈ ਵੱਖ ਵੱਖ ਟੀਮਾਂ ਉਪਮੰਡਲ ਪੱਧਰ ਤੇ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰਕੇ ਨਰਮੇ ਦੇ ਖੇਤਾਂ ਵਿਚ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦੀਆਂ ਰਿਪੋਟਾਂ ਤਿਆਰ ਕਰਣਗੀਆਂ। ਇਸ ਸਬੰਧੀ ਐਸ.ਡੀ.ਐਮ., ਤਹਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵਿਸੇਸ਼ ਤੌਰ ਤੇ ਵਿਸੇਸ਼ ਗਿਰਦਾਵਰੀ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਪ੍ਕ੍ਰਿਆ ਛੇਤੀ ਮੁਕੰਮਲ ਕਰਕੇ ਰਿਪੋਟ ਸਰਕਾਰ ਨੂੰ ਭੇਜੀ ਜਾ ਸਕੇ। ਇਸ ਤੋਂ ਬਾਅਦ ਹੋਏ ਨੁਕਸਾਨ ਅਨੁਸਾਰ ਸਰਕਾਰ ਵੱਲੋਂ ਯੋਗ ਮੁਆਵਜਾ ਦਿੱਤਾ ਜਾਵੇਗਾ।
ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ 72000 ਹੈਕਟੇਅਰ ਵਿਚ ਨਰਮੇ ਦੀ ਕਾਸਤ ਕੀਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਪਹਿਲਾਂ ਹੀ 30 ਕੁਇੰਟਲ ਐਕਟਾਰਾ ਤੇ 14980 ਲੀਟਰ ਔਬਰਾਨ ਨਾਂਅ ਦੇ ਕੀਟਨਾਸ਼ਕ 50 ਫੀਸਦੀ ਸਬਸਿਡੀ ਤੇ ਜ਼ਿਲੇ ਦੇ ਕਿਸਾਨਾਂ ਉਪਲਬੱਧ ਕਰਵਾਏ ਜਾ ਚੁੱਕੇ ਹਨ।
ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ਤੱਕ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ 8 ਪਿੰਡ ਪੱਧਰੀ ਕੈਂਪ ਵਿਸੇਸ਼ ਤੌਰ ਤੇ ਪ੍ਰਭਾਵਿਤ ਪਿੰਡਾਂ ਵਿਚ ਲਗਾਏ ਜਾ ਚੁੱਕੇ ਹਨ ਜਦ ਕਿ ਇਸ ਤੋਂ ਬਿਨਾਂ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵਿਭਾਗ ਕਾਰਜਸ਼ੀਲ ਹੈ। ਉਨਾਂ ਕਿਹਾ ਕਿ ਕਿਸਾਨ ਘਬਰਾਹਟ ਵਿਚ ਨਾ ਆਉਣ ਤੇ ਕਿਸੇ ਵੀ ਕਿਸਮ ਦੀ ਤਕਨੀਕੀ ਜਾਣਕਾਰੀ ਲਈ ਡੀਲਰਾਂ ਦੀ ਬਿਜਾਏ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ।