ਬਟਾਲਾ, : ਨਸ਼ਾ ਇੱਕ ਗੰਭੀਰ ਤੇ ਵਿਸ਼ਵ-ਵਿਆਪੀ ਸਮੱਸਿਆ ਹੈ ਜਿਸਨੂੰ ਠੱਲ ਪਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਰਲ ਕੇ ਯਤਨ ਕਰਨੇ ਪੈਣਗੇ। ਇਹ ਪ੍ਰਗਟਾਵਾ ਨਸਾ ਤਸਕਰਾ ਖਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਵਾਲੇ ਪੁਲਸ ਜਿਲਾ ਬਟਾਲਾ ਦੇ ਐਸ .ਐਸ.ਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ – ਨਿਰਦੇਸ਼ਾਂ ‘ਤੇ ਐੱਸ.ਪੀ. (ਹੈਡਕੁਆਟਰ) ਸ. ਦਿਲਬਾਗ ਸਿੰਘ ਨੇ ਅੱਜ ਗਾਂਧੀ ਨਗਰ ਕੈਂਪ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਕਰਾਏ ਗਏ ਇੱਕ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਆਪਣੇ ਸੰਬੋਧਨ ਦੌਰਾਨ ਐੱਸ.ਪੀ. ਸ. ਦਿਲਬਾਗ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਵੱਲੋਂ ਪੂਰੀ ਦਿ੍ਰੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸਫਲਤਾ ਵੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ ਅਤੇ ਪੁਲਿਸ ਦੀ ਜਾਗਰੂਕਤਾ ਮੁਹਿੰਮ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ‘ਚ ਕਾਮਯਾਬ ਹੋਈ ਹੈ।
ਐੱਸ.ਪੀ. ਬਟਾਲਾ ਨੇ ਨਸ਼ਿਆਂ ਦੇ ਖਾਤਮੇ ਲਈ ਆਪਣੀ ਵੱਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ‘ਚ ਨਸ਼ਿਆਂ ਵਿਰੁੱਧ ਲਹਿਰ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਬਜ਼ੁਰਗ ਸਭ ਤੋਂ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਬਜ਼ੁਰਗਾਂ ਦੀ ਸੇਧ ਅਤੇ ਅਸੀਸ ਨੌਜਵਾਨਾਂ ਦਾ ਮਾਰਗ ਦਰਸ਼ਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦੀ ਸੋਚ ਅਪਣਾ ਕੇ ਅਸੀਂ ਆਪਣੇ ਸਮਾਜ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾ ਸਕਦੇ ਹਾਂ। ਐੱਸ.ਪੀ. ਦਿਲਬਾਗ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਾ ਵਿਰੋਧੀ ਮੁਹਿੰਮ ‘ਚ ਪੁਲਿਸ ਦਾ ਸਾਥ ਦੇਣ ਅਤੇ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਗਲਤ ਅਨਸਰਾਂ ਨੂੰ ਕਾਨੂੰਨ ਦੇ ਸਿਕੰਜੇ ਹੇਠ ਲਿਆਂਦਾ ਜਾ ਸਕੇ।
ਇਸੇ ਦੌਰਾਨ ਮਨੋ-ਵਿਗਿਆਨੀ ਮਾਹਿਰ ਤੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕ ਡਾ. ਬਰਿੰਦਰ ਸਿੰਘ, ਡੀ.ਐੱਸ.ਪੀ. ਹਰੀਸ਼ਰਨ ਸ਼ਰਮਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਪ੍ਰੋ. ਰਜਨੀ ਬਾਲਾ, ਮਾਸਟਰ ਰਤਨ ਲਾਲ ਨੇ ਵੀ ਸੈਮੀਨਾਰ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ। ਡਾ. ਬਰਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਕਿ ਮਾਨਸਿਕ ਬਿਮਾਰੀ ਹੈ ਅਤੇ ਇਸਨੂੰ ਸਹੀ ਇਲਾਜ ਨਾਲ ਹਮੇਸ਼ਾਂ ਲਈ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨਸ਼ੇ ਦੀ ਦਲ-ਦਲ ‘ਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕੋਹੜ੍ਹ ਨੂੰ ਖਤਮ ਕਰਨ ਲਈ ਸਰਕਾਰੀ ਹਸਪਤਾਲ ‘ਚ ਸਥਿਤ ਨਸ਼ਾ ਛੁਡਾਓ ਕੇਂਦਰ ‘ਚ ਆਪਣਾ ਇਲਾਜ ਕਰਾਉਣ। ਇਸ ਮੌਕੇ ਬਟਾਲਾ ਪੁਲਿਸ ਜਵਾਨਾਂ ਵੱਲੋਂ ਤਿਆਰ ਕੀਤਾ ਗਿਆ ਨਾਟਕ ‘ਮਾਂ ਦਾ ਲਾਡਲਾ’ ਪੇਸ਼ ਕੀਤਾ ਗਿਆ ਜਿਸ ਵਿੱਚ ਨਾਟਕ ਦੇ ਪਾਤਰਾਂ ਨੇ ਸਮਾਜ ਵਿੱਚ ਨਸ਼ੇ ਦੀ ਸਮੱਸਿਆ ਨੂੰ ਸਟੇਜ ‘ਤੇ ਬਾਖੂਬੀ ਪੇਸ਼ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਐੱਸ.ਪੀ. ਬਟਾਲਾ, ਨਾਟਕ ਦੇ ਕਲਾਕਾਰਾਂ ਅਤੇ ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਐਚ.ਓ. ਸਿਵਲ ਲਾਈਨ ਚੰਦਨ ਕੁਮਾਰ, ਐੱਸ.ਐਚ.ਓ. ਸਿਟੀ ਨਰਿੰਦਰ ਸਿੰਘ, ਐੱਸ.ਐਚ.ਓ. ਲਖਵਿੰਦਰ ਸਿੰਘ, ਗਿਆਨੀ ਭੁਪਿੰਦਰ ਸਿੰਘ, ਨਸ਼ਿਆਂ ਵਿਰੁੱਧ ਬੇਖੋਫ ਹੋ ਕੇ ਪਰਚਾਰ ਕਰਨ ਵਾਲੇ ਸ਼ਹਿਰ ਦੇ ਮੋਹਤਬਰ ਸਮਾਜ ਸੇਵਕ ਯੁੱਧਬੀਰ ਸਿੰਘ ਮਾਲਟੂ , ਰਾਜਵੰਤ ਸਿੰਘ ਟੋਨੀ, ਸਰਪੰਚ ਮੁਖਤਿਆਰ ਸਿੰਘ, ਸਤਪਾਲ ਅਤੇ ਵੱਡੀ ਗਿਣਤੀ ‘ਚ ਐੱਨ.ਸੀ.ਸੀ ਦੇ ਕੈਡਿਟ ਹਾਜ਼ਰ ਸਨ।