ਚੰਡੀਗੜ੍ਹ,: ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ ’ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਤੋਂ ਕਰਵਾਈ। ਇਸ ਮੌਕੇ ਸ੍ਰੀ ਆਸ਼ੂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲ ਵਾਪਸ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖ਼ੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ ’ਚੋਂ 170 ਲੱਖ ਟਨ ਮੀਟਰਕ ਟਨ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ। ਕਿਸਾਨਾਂ ਵੱਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਮੰਡੀਆਂ ’ਚ ਕੋਵਿਡ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚੱਜੀ ਅਤੇ ਨਿਰਵਿਘਨ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ।
ਖ਼ੁਰਾਕ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਅਗੇਤੀ ਆਉਣ ਕਰਕੇ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਵੀ ਅਗੇਤੀ ਹੀ ਕਰਵਾਉਣ ਲਈ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ। ਕੋਵਿਡ ਕਰਕੇ ਇਸ ਵਾਰ ਰਾਜ ਅੰਦਰ ਮੰਡੀ ਬੋਰਡ ਵੱਲੋਂ 4035 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ 30-30 ਫੁਟ ਦੇ ਖਾਨੇ ਬਣਾਏ ਗਏ ਹਨ ਤੇ ਮਾਸਕਾਂ ਅਤੇ ਹੱਥ ਧੋਣ ਲਈ ਸਾਬਣ ਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਹ ਕੋਵਿਡ ਦੀ ਬਿਮਾਰੀ ਤੋਂ ਵੀ ਬਚ ਸਕਣ। ਇਸ ਤੋਂ ਇਲਾਵਾ ਫ਼ਸਲ ਦੀ ਚੁਕਾਈ ਲਈ ਮਜ਼ਦੂਰਾਂ, ਬਾਰਦਾਨੇ ਤੇ ਟਰਾਂਸਪੋਰਟ ਦੇ ਵੀ ਪ੍ਰਬੰਧ ਮੁਕੰਮਲ ਹਨ।
ਸ੍ਰੀ ਆਸ਼ੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਕਰਕੇ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ ’ਚ ਲਿਆਉਣ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।
ਸ੍ਰੀ ਆਸ਼ੂ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਦੀ ਤਰ੍ਹਾਂ ਹੀ ਪਾਸ ਪ੍ਰਣਾਲੀ ਰਾਹੀਂ ਕਿਸਾਨ ਆਪਣੀ ਫ਼ਸਲ ਮੰਡੀਆਂ ’ਚ ਲਿਆ ਸਕੇਗਾ ਅਤੇ ਇਹ ਵੱਖ-ਵੱਖ ਦਿਨਾਂ ਲਈ ਵੱਖ-ਵੱਖ ਰੰਗਾਂ ਦੇ ਪਾਸ ਆੜ੍ਹਤੀਆਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਆੜ੍ਹਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ਰੀਦੀ ਫ਼ਸਲ ਦੀ ਅਦਾਇਗੀ ਐਮ.ਐਸ.ਪੀ. (1888 ਰੁਪਏ ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਨਾਲੋ-ਨਾਲ ਕਿਸਾਨਾਂ ਦੇ ਖਾਤਿਆਂ ’ਚ ਤਬਦੀਲ ਕਰਦੇ ਰਹਿਣ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਜ ਵਿੱਚ ਝੋਨੇ ਦੀ ਖ਼ਰੀਦ ਲਈ ਨਗਦ-ਕ੍ਰੈਡਿਟ ਸੀਮਾ (ਸੀ.ਸੀ.ਐਲ) ਵੀ ਇੱਕ ਦੋ ਦਿਨਾਂ ’ਚ ਜਾਰੀ ਹੋ ਜਾਵੇਗੀ। ਜਦੋਂ ਕਿ ਝੋਨੇ ਦੀ ਖ਼ਰੀਦੀ ਫ਼ਸਲ ਦੇ ਭੰਡਾਰਨ ਲਈ ਜਗ੍ਹਾ ਵੀ ਖਾਲੀ ਕਰਵਾਈ ਜਾ ਰਹੀ ਹੈ ਅਤੇ ਇਹ ਵੀ ਇੱਕ ਰਿਕਾਰਡ ਹੈ ਕਿ ਇਕ ਮਹੀਨੇ ’ਚ 1000 ਸਪੈਸ਼ਲ ਗੱਡੀਆਂ ਰਾਹੀਂ 30 ਲੱਖ ਮੀਟਰਕ ਟਨ ਅਨਾਜ (ਕਣਕ ਤੇ ਚੌਲ) ਦੀ ਚੁਕਾਈ ਕੀਤੀ ਗਈ ਹੋਵੇ। ਉਨ੍ਹਾਂ ਹੋਰ ਕਿਹਾ ਕਿ ਜੂਟ ਮਿਲਾਂ ਵੱਲੋਂ 66 ਫੀਸਦੀ ਨਵੀਆਂ ਗੱਠਾਂ ਸਪਲਾਈ ਕਰਨ ਕਰਕੇ ਸਰਕਾਰ ਨੇ ਮਿਲਰਜ਼ ਨੂੰ 70 ਫੀਸਦੀ ਬੈਗ ਲਗਾਉਣ ਲਈ ਕਿਹਾ ਹੈ ਜਿਸ ਨਾਲ ਝੋਨੇ ਦੀ ਭਰਾਈ ਤੇ ਚੁਕਾਈ ’ਚ ਕੋਈ ਮੁਸ਼ਕਿਲ ਨਾ ਆਵੇ।
ਇੱਕ ਸਵਾਲ ਦੇ ਜਵਾਬ ’ਚ ਸ੍ਰੀ ਆਸ਼ੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲਾਂ ਬਾਰੇ ਰਾਜ ਸਰਕਾਰਾਂ, ਕਿਸਾਨਾਂ ਅਤੇ ਆੜ੍ਹਤੀਆਂ ਸਮੇਤ ਸਬੰਧਤ ਧਿਰਾਂ ਦੇ ਬਹੁਤ ਸਾਰੇ ਸ਼ੰਕੇ ਤੇ ਖ਼ਦਸ਼ੇ ਹਨ ਪਰੰਤੂ ਕੇਂਦਰ ਸਰਕਾਰ ਇਹ ਸ਼ੰਕੇ ਨਵਿਰਤ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਬਿਲ ਵਾਪਸ ਕਰਵਾਉਣ ਲਈ ਪਹਿਲਕਦਮੀ ਕੀਤੀ ਹੈ ਅਤੇ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਬੰਦ ਨਹੀਂ ਹੋਣਾ ਚਾਹੀਦਾ ਅਤੇ ਮੰਡੀਕਰਨ ਢਾਂਚੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਇੱਕ ਹੋਰ ਸਵਾਲ ਦੇ ਜਵਾਬ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ’ਚ ਭਾਈਵਾਲ ਹੁੰਦਿਆਂ ਪਹਿਲਾਂ ਇਨਾਂ ਬਿਲਾਂ ਨੂੰ ਸਹਿਮਤੀ ਦੇ ਕੇ ਯੂ ਟਰਨ ਲਿਆ ਹੈ। ਪਰੰਤੂ ਪੰਜਾਬ ਵਿਧਾਨ ਸਭਾ ’ਚ ਅਕਾਲੀ ਦਲ ਨੇ ਪਿੱਠ ਵਿਖਾਈ ਸੀ ਅਤੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਆਪਣਾ ਫੈਸਲਾ ਬਦਲਿਆ ਹੈ ਪਰੰਤੂ ਪੰਜਾਬ ਦਾ ਕਿਸਾਨ ਸਮਝਦਾਰ ਹੈ ਅਤੇ ਸਭ ਜਾਣਦਾ ਹੈ ਕਿ ਕੌਣ ਕੀ ਕਰ ਰਿਹਾ ਹੈ? ਉਨ੍ਹਾਂ ਅਕਾਲੀ ਦਲ-ਭਾਜਪਾ ਗਠਜੋੜ ਤੋੜੇ ਜਾਣ ’ਤੇ ਕਿਹਾ ਕਿ ਅਕਾਲੀ ਦਲ ਨੇ ਇਹ ਫੈਸਲਾ ਉਸ ਵੇਲੇ ਲਿਆ ਹੈ ਜਦੋਂ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਸ ਤੋਂ ਪਹਿਲਾਂ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਆੜ੍ਹਤੀਆ ਐਸੋਸੀਏਸ਼ਨ ਅਤੇ ਸੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਵਿਜੇ ਕਾਲੜਾ, ਖ਼ੁਰਾਕ ਅਤੇ ਸਿਵਲ ਸਪਲਾਈਜ਼ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਸ੍ਰੀ ਬਲਦੇਵ ਸਿੰਘ ਗੱਦੋਮਾਜਰਾ, ਸ੍ਰੀ ਨਿਰਭੈ ਸਿੰਘ ਮਿਲਟੀ, ਸੈਲਰ ਐਸ਼ੋਸੀਏਸ਼ਨ ਦੇ ਪ੍ਰਧਾਨ ਗਿਆਨ ਭਾਰਦਵਾਜ, ਸੰਯੁਕਤ ਡਾਇਰੈਕਟਰ ਅੰਜੂਮਨ ਭਾਸਕਰ, ਐਸ.ਡੀ.ਐਮ. ਖ਼ਸ਼ਦਿਲ ਸਿੰਘ, ਡਿਪਟੀ ਡਾਇਰੈਕਟਰ ਮੁਨੀਸ਼ ਨਰੂਲਾ, ਡੀ.ਐਫ.ਐਸ.ਸੀ. ਹਰਸ਼ਰਨਜੀਤ ਸਿੰਘ ਬਰਾੜ, ਡੀਐਮਓ ਅਜੈਪਾਲ ਸਿੰਘ ਬਰਾੜ, ਡੀ.ਐਫ.ਓ. ਰੂਪਪ੍ਰੀਤ ਕੌਰ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਮੇਜਰ ਸਿੰਘ ਲਹਿਲ, ਖ਼ਜ਼ਾਨ ਸਿੰਘ ਲਾਲੀ, ਵਪਾਰ ਮੰਡਲ ਪ੍ਰਧਾਨ ਨਰਿੰਦਰ ਸੋਨੀ, ਮਾਰਕੀਟ ਕਮੇਟੀ ਸਕੱਤਰ ਜੈ ਵਿਜੈ ਸਮੇਤ ਵੱਡੀ ਗਿਣਤੀ ਕਿਸਾਨ ਅਤੇ