ਪਟਿਆਲਾ:ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਮੱਥਾ ਟੇਕ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕਵਾੜ੍ਹ ਖੁੱਲ੍ਹਣ ਉਪਰੰਤ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਕੋਰੋਨਾ ਮਹਾਂਮਾਰੀ ਤੋਂ ਮਾਨਵਤਾ ਨੂੰ ਨਿਜ਼ਾਤ ਦਿਵਾਉਣ ਲਈ ਮਨੁੱਖਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੰਗਤਾਂ ਨੇ ਮੱਥਾ ਟੇਕਣ ਮੌਕੇ ਮਾਸਕ ਪਹਿਨੇ ਹੋਏ ਸਨ। ਗੁਰਦੁਆਰਾ ਸਾਹਿਬ ਦੀਆਂ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨੂੰ ਕੋਰੋਨਾ ਦੀ ਲਾਗ ਨੂੰ ਬਚਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਤਾਇਨਾਤ ਮੁਲਾਜ਼ਮਾਂ ਵੱਲੋਂ ਸੰਗਤਾਂ ਨੂੰ ਮਾਸਕ ਪਹਿਨਣ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਮੱਥਾ ਟੇਕਣ ਲਈ ਪ੍ਰੇਰਿਆ ਜਾ ਰਿਹਾ ਸੀ।
ਪੰਚਮੀ ਮੌਕੇ ਸੰਗਤਾਂ ਨੇ ਜਿਥੇ ਪੰਗਤ ਅਤੇ ਸੰਗਤ ਕੀਤੀ, ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਰਤਨੀ ਜਥਿਆਂ ਪਾਸੋਂ ਬਾਣੀ ਸਰਵਣ ਕੀਤੀ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸੰਗਤਾਂ ਨੂੰ ਸ਼ਬਦ ਗੁਰੂ ਪ੍ਰਤੀ ਦ੍ਰਿੜ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਪ੍ਰਤੀ ਨਿਸ਼ਠਾ ਰੱਖਣ ਵਾਲਿਆਂ ਨੂੰ ਹਮੇਸ਼ਾ ਹੀ ਪ੍ਰਮਾਤਮਾ ਦਾ ਪ੍ਰਾਪਤੀ ਹੁੰਦੀ ਹੈ ਇਹ ਤਾਂ ਹੀ ਸੰਭਵ ਹੋ ਸਕਦਾ, ਜੇ ਗੁਰੂ ਪ੍ਰਤੀ ਸਮਰਪਿਤ ਦੀ ਭਾਵਨਾ ਨੂੰ ਮਨ-ਮਸਤਕ ‘ਚ ਰੱਖਿਆ ਜਾਵੇ।
ਕੋਰੋਨਾ ਲਾਗ ਤੋਂ ਬਚਣ ਲਈ ਸੰਗਤ ਮਾਸਕ ਜ਼ਰੂਰ ਅਪਨਾਵੇ : ਮੈਨੇਜਰ ਕਰਨੈਲ ਸਿੰਘ ਨਾਭਾ
ਕੋਵਿੰਡ-19 ਦੀਆਂ ਹਦਾਇਤਾਂ ਪਾਲਣਾ ਨੂੰ ਯਕੀਨੀ ਬਣਾਈ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਲਈ ਜ਼ਰੂਰੀ ਹੈ ਕਿ ਮੂੰਹ ‘ਤੇ ਮਾਸਕ ਪਹਿਨਕੇ ਹੀ ਮੱਥਾ ਟੇਕਿਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਤੋਂ ਬਚਣ ਲਈ ਤਾਇਨਾਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਸੰਗਤਾਂ ਨੂੰ ਕਤਾਰਾਂ ‘ਚ ਲੱਗ ਕੇ ਮੱਥਾ ਟੇਕਣ ਲਈ ਪ੍ਰੇਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਵਿੰਡ-19 ਦੀਆਂ ਹਦਾਇਤਾਂ ਤਹਿਤ ਹੱਥਾਂ ਨੂੰ ਸਾਫ-ਸੁਥਰਾ ਰੱਖਣ ਲਈ ਸੈਨੇਟਾਈਜੇਸ਼ਨ ਅਤੇ ਮਾਸਕ ਪਹਿਨਣ ਪ੍ਰਤੀ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।