Home Bulletin ਪ੍ਰਨੀਤ ਕੌਰ ਵੱਲੋਂ ਪਟਿਆਲਾ ਈਸਟਰਨ ਪੈਰੀਫਿਰਲ ਡਰੇਨ ਨੂੰ 3 ਕਰੋੜ ਰੁਪਏ ਦੀ...

ਪ੍ਰਨੀਤ ਕੌਰ ਵੱਲੋਂ ਪਟਿਆਲਾ ਈਸਟਰਨ ਪੈਰੀਫਿਰਲ ਡਰੇਨ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਢਕੇ ਜਾਣ ਦੇ ਪ੍ਰਾਜੈਕਟ ਦੀ ਸ਼ੁਰੂਆਤ

0

ਪਟਿਆਲਾ  :ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਇੱਥੇ ਵਾਰਡ ਨੰਬਰ 40 ਵਿਖੇ 800 ਮੀਟਰ ਲੰਬੀ ਈਸਟਰਨ ਪੈਰਫਿਰਲ ਡਰੇਨ ਨੂੰ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਢਕੇ ਜਾਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
ਸਥਾਨਕ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਵੱਲੋਂ ਮਿਲੀ ਤਾਕਤ ਦੀ ਬਦੌਲਤ ਹੀ ਜਿੱਥੇ ਪੰਜਾਬ ਭਰ ‘ਚ ਵਿਕਾਸ ਦੇ ਕਾਰਜ ਜੰਗੀ ਪੱਧਰ ‘ਤੇ ਕਰਵਾ ਰਹੀ ਹੈ, ਉਥੇ ਹੀ ਪਟਿਆਲਾ ਸ਼ਹਿਰ ‘ਚ ਵੀ ਪਿਛਲੇ ਲੰਮੇ ਸਮੇਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸ਼ਹਿਰ ‘ਚ ਸਾਰੇ ਕੰਮ ਪੜਾਵਾਰ ਮੁਕੰਮਲ ਹੋ ਰਹੇ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਵਾਰਡ ਨੰਬਰ 41 ਅਧੀਨ ਆਉਂਦੇ ਧੋਬਘਾਟ ਤੋਂ ਲੈਕੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਡਕਾਲਾ ਰੋਡ ਤੱਕ ਜਾਂਦੀ ਇਹ ਈਸਟਰਨ ਡਰੇਨ ਇਲਾਕੇ ਦੇ ਲੋਕਾ ਲਈ ਮੁਸੀਬਤ ਦਾ ਕਾਰਨ ਬਣਿਆ ਬਣੀ ਹੋਈ ਸੀ ਪਰੰਤੂ ਹੁਣ ਇਸ ਦੀ ਸਫ਼ਾਈ ਕਰਕੇ ਇਸ ਨੂੰ ਗੋਲ ਡਾਟ ਦੇ ਰੂਪ ‘ਚ ਪੱਕਾ ਕਰਕੇ ਢੱਕ ਦਿੱਤਾ ਜਾਵੇਗਾ, ਜਿਸ ਨਾਲ ਅੱਧੀ ਦਰਜਨ ਤੋਂ ਵਧੇਰੇ ਕਲੋਨੀਆਂ ਦੇ ਲੋਕਾਂ ਨੂੰ ਸਿੱਧੇ ਤੌਰ ‘ਤੇ ਬਦਬੂ ਤੇ ਬਿਮਾਰੀਆਂ ਤੋਂ ਰਾਹਤ ਮਿਲ ਜਾਵੇਗੀ।
ਸੰਸਦ ਮੈਂਬਰ ਨੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਸ਼ਹਿਰ ‘ਚ ਲੋਕਾਂ ਦਾ ਵਿਸ਼ਵਾਸ਼ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ‘ਚ ਬਣਿਆ ਹੋਇਆ ਹੈ, ਉਸ ਤੋਂ ਤਹਿ ਹੈ ਕਿ ਪੰਜਾਬ ‘ਚ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਹੀ ਬਣੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੀ ਪਿਛਲੀ ਸਰਕਾਰ ਸਮੇਂ ਪਟਿਆਲਾ ਸ਼ਹਿਰ ਦੇ ਪ੍ਰਮੁੱਖ ਗੰਦੇ ਨਾਲੇ ਨੂੰ ਢਕਣ ਦਾ ਫੈਸਲਾ ਲਿਆ ਸੀ ਪਰੰਤੂ ਇਸਦੀ ਸਫਾਈ ਵੀ ਹੁਣ ਕੈਪਟਨ ਸਰਕਾਰ ਨੇ ਹੀ ਕਰਵਾਈ ਹੈ, ਜਿਸ ਦਾ ਲੋਕਾਂ ਨੂੰ ਸਿੱਧਾ ਲਾਭ ਹੋ ਰਿਹਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਹੁਣ ਮੌਜੂਦਾ ਸਰਕਾਰ ਨੇ ਕੁਮਾਰ ਸਭਾ ਸਕੂਲ ਤੋਂ ਕਾਲੇ ਮੁੰਹ ਵਾਲੇ ਦੀ ਬਗੀਚੀ ਤੱਕ ਕਰੀਬ 2 ਕਿਲੋਮੀਟਰ ਲੰਬੇ ਨਾਲੇ ਨੂੰ ਪਾਇਪਾ ਪਾਕੇ ਬੰਦ ਹੀ ਨਹੀਂ ਕੀਤਾ ਸਗੋਂ ਉਸ ਉੱਤੇ ਨਵੀ ਸੜਕ ਬਣਾ ਕੇ ਸ਼ਹਿਰ ਦੀ ਟਰੈਫਿਕ ਸਮਸਿਆ ਨੂੰ ਹੱਲ ਕੀਤਾ ਹੈ। ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਵਿਕਾਸ ਦੇ ਚੱਲ ਰਹੇ ਕਾਰਜਾਂ ਨੂੰ ਨੇਪੜੇ ਚਾੜ੍ਹਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ‘ਚ ਰਹਿੰਦੇ ਕੰਮ ਜਲਦੀ ਮੁਕੰਮਲ ਕਰਵਾਏ ਜਾਣਗੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਅਣਗੌਲਿਆ ਪਟਿਆਲਾ ਹੁਣ ਵਿਕਾਸ ਦੀਆਂ ਲੀਹਾਂ ‘ਤੇ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ 500 ਕਰੋੜ ਰੁਪਏ ਕਰਜੇ ਦੀ ਥਾਂ ਗ੍ਰਾਂਟ ਦੇ ਰੂਪ ‘ਚ ਭੇਜਿਆ ਹੈ, ਜਿਸ ਨਾਲ ਸ਼ਹਿਰ ‘ਚ ਬਿਨ੍ਹਾਂ ਭੇਦਭਾਵ ਦੇ ਵਿਕਾਸ ਕਾਰਜ ਜੋਰਾਂ ‘ਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪਟਿਆਲਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਵਚਨਬੱਧ ਹੈ।
ਜਲ ਨਿਕਾਸ ਵਿਭਾਗ ਦੇ ਐਸ.ਈ. ਦਵਿੰਦਰ ਸਿੰਘ, ਐਕਸੀਐਨ ਰਮਨਦੀਪ ਸਿੰਘ ਬੈਂਸ ਨੇ ਦੱਸਿਆ ਗਿਆ ਕਿ ਇਹ ਕੰਮ ਬਰਸਾਤੀ ਸੀਜਨ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਬਰਸਾਤੀ ਸੀਜਨ ਵਿੱਚ ਉਕਤ ਏਰੀਏ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆ ਸਕੇ। 40 ਨੰਬਰ ਵਾਰਡ ਦੇ ਕੌਂਸਲਰ ਸੰਦੀਪ ਮਲਹੋਤਰਾ ਨੇ ਮੁੱਖ ਮੰਤਰੀ, ਲੋਕ ਸਭਾ ਮੈਂਬਰ ਅਤੇ ਬੀਬਾ ਜੈਇੰਦਰ ਕੌਰ ਦਾ ਧਨਵਾਦ ਕੀਤਾ। ਬਲਾਕ ਪ੍ਰਧਾਨ ਅਤੁਲ ਜੋਸ਼ੀ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੇਨ ਕੇ.ਕੇ ਸ਼ਰਮਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ ਮਲਹੋਤਰਾ, ਅਨੁਜ ਖੋਸਲਾ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਕੌਂਸਲਰ ਹਰਵਿੰਦਰ ਸਿੰਘ ਨਿਪੀ, ਲੀਲਾ ਰਾਣੀ ਸ਼ਰਮਾ, ਰਾਜਿੰਦਰ ਸ਼ਰਮਾ, ਹਰੀਸ਼ ਕਪੂਰ, ਗਿਨੀ ਨਾਗਪਾਲ, ਨਿਖਿਲ ਬਾਤਿਸ਼ ਸ਼ੇਰੂ, ਮਨਜੀਵ ਕਾਲੇਕਾ, ਨਗਰ ਨਿਗਮ ਦੇ ਐਸ.ਸੀ ਸ਼ਾਮ ਲਾਲ ਗੁਪਤਾ, ਐਕਸੀਅਨ ਇੱਕਜੋਤ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ, ਯੂਥ ਆਗੂ ਵਿਸ਼ਾਲ ਕਥੂਰੀਆ, ਮਨਪ੍ਰੀਤ ਵਰਮਾ ਵਿੱਕੀ, ਦਰਸ਼ਨ ਬਾਬਾ, ਜਸਪ੍ਰੀਤ ਮੱਗੂ, ਪ੍ਰਨਵ ਗੋਇਲ ਸਨੌਰ, ਸਮਾਜ ਸੇਵੀ ਐਸ.ਕੇ ਗੌਤਮ, ਪਵਨ ਗੋਇਲ, ਰਿੰਕੂ ਸੂਦ, ਕਰਨ ਗੌੜ, ਨਿਯੂ ਢਿਲੋ ਕਾਲੋਨੀ ਦੇ ਪ੍ਰਧਾਨ ਪ੍ਰਗਟ ਸਿੰਘ, ਰਾਕੇਸ਼ ਕੁਮਾਰ, ਸਮੇਤ ਇਲਾਕਾ ਵਾਸੀ ਮੌਜੂਦ ਸਨ।

Exit mobile version