ਹੁਸ਼ਿਆਰਪੁਰ, ਐਸ.ਐਸ.ਪੀ. ਨਵਜੋਤ ਸਿਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਦਸੂਹਾ ਸਬ ਡਵੀਜਨ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਦਸੂਹਾ ਵਿੱਚ 9 ਅਗਸਤ 2020 ਨੂੰ ਦਰਜ ਮੁਕੱਦਮਾਂ ਨੰਬਰ 175 ਨੂੰ ਹੱਲ ਕਰਦਿਆਂ ਜਸਪਾਲ ਸਿੰਘ ਉਰਫ ਜੱਸੀ ਅਤੇ ਵਰਿੰਦਰਪਾਲ ਸਿੰਘ ਉਰਫ ਬਿੰਦੂ ਦੋਵੇਂ ਵਾਸੀ ਰਾਏ ਚੱਕ ਥਾਣਾ ਦਸੂਹਾ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਐਸ.ਪੀ. (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਅਤੇ ਡੀ.ਐਸ.ਪੀ. ਦਸੂਹਾ ਅਨਿਲ ਕੁਮਾਰ ਭਨੋਟ ਨੇ ਮਾਮਲੇ ਵਲੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਦਿੱਤੇ ਨਿਰਦੇਸ਼ਾਂ ’ਤੇ ਥਾਣਾ ਦਸੂਹਾ ਦੇ ਮੁੱਖ ਅਫ਼ਸਰ ਐਸ.ਆਈ. ਗੁਰਦੇਵ ਸਿੰਘ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਪੁੱਤਰ ਰਾਮਜੀ ਦਾਸ ਵਾਸੀ ਰਾਘੋਵਾਲ ਥਾਣਾ ਦਸੂਹਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦਾ ਭਰਾ ਅੰਗਰੇਜ ਸਿੰਘ ਜੋ ਪਿੰਡ ਦਾ ਮੈਂਬਰ ਪੰਚਾਇਤ ਵੀ ਸੀ, ਨੇ ਪਿੰਡ ਤਿਹਾੜਾ ਵਿੱਚ ਆਰਾ ਲਾਇਆ ਹੋਇਆ ਸੀ। ਉਸਨੇ ਦੱਸਿਆ ਕਿ 8 ਅਗਸਤ 2020 ਨੂੰ ਆਪਣਾ ਕੰਮਕਾਰ ਦੇਖਣ ਉਪਰੰਤ ਜਦੋਂ ਉਹ ਸ਼ਾਮ ਵੇਲੇ ਕਰੀਬ ਪੌਣੇ ਅੱਠ-ਅੱਠ ਵਜੇ ਆਪਣੀ ਕਾਰ ਪੀ.ਬੀ.08 ਬੀ.ਯੂ 7355 ਆਲਟੋ ’ਤੇ ਪਿੰਡ ਵੱਲ ਜਾ ਰਿਹਾ ਸੀ ਤਾਂ ਤਿਹਾੜਾ ਨੇੜੇ ਪੰਥੇਰ ਭੱਠਾ ਬਾਉ ਕ੍ਰਿਸ਼ਨ ਕੁਮਾਰ ਕੋਲ ਨਾ-ਮਾਲੂਮ ਵਿਅਕਤੀਆਂ ਨੇ ਅੰਗਰੇਜ ਸਿੰਘ ਨੂੰ ਘੇਰ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਸੀ।
ਮਾਹਲ ਨੇ ਦੱਸਿਆ ਕਿ ਪੁਲਿਸ ਨੇ ਤਫਤੀਸ਼ ਉਪਰੰਤ 19 ਅਗਸਤ ਨੂੰ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪੁੱਛ-ਗਿੱਛ ਵਿੱਚ ਮੰਨਿਆ ਕਿ ਅੰਗਰੇਜ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜ਼ਿਸ਼ ਸੀ ਅਤੇ ਇਕ ਦੂਸਰੇ ਖਿਲਾਫ ਦੋਵਾਂ ਧਿਰਾਂ ਵਲੋਂ ਲੜਾਈ-ਝਗੜੇ ਦੇ ਮੁਕੱਦਮੇ ਵੀ ਦਰਜ ਹਨ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਲਿਆ ਗਿਆ ਅਤੇ ਅਗਲੇਰੀ ਪੁੱਛ-ਗਿੱਛ ਜਾਰੀ ਹੈ।