ਜਲੰਧਰ :ਪੰਜਾਬ ਦੇ ਜਲੰਧਰ ਵਿੱਚ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ ਫਰਜ਼ੀ ਜ਼ਮਾਨਤ ਬਾਂਡ ਦੇਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਬੇ ਵਿਚ ਇਕ ਹਾਈਪ੍ਰੋਫਾਈਲ ਗਿਰੋਹ ਸਰਗਰਮ ਹੈ ਜੋ ਅਪਰਾਧਿਕ ਮਾਮਲਿਆਂ ਵਿਚ ਝੂਠੀ ਜ਼ਮਾਨਤ ਦੇ ਕੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਭਾਰਗਵ ਕੈਂਪ ਜਲੰਧਰ ਵਿਚ FIR ਨੰਬਰ 1 ਮਿਤੀ 5.1.2024 ਨੂੰ ਆਈਪੀਸੀ ਦੀ ਧਾਰਾ 419, 420, 465, 467, 468, 47 ਤੇ 120ਬੀ ਤਹਿਤ ਦਰਜ ਕੀਤਾ ਗਿਆ ਸੀ।
ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਅਦਾਲਤਾਂ ਵਿਚ ਫਰਜ਼ੀ ਸਕਿਓਰਿਟੀ ਵਜੋਂ ਆਈਡੀ ਕਾਰਡ, ਆਧਾਰ ਕਾਰਡ, ਅਸ਼ਟਾਂਪ ਵਰਗੇ ਝੂਠੇ ਦਸਤਾਵੇਜ਼ ਜਮ੍ਹਾ ਕਰਦਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੇ ਬਾਅਦ ਪੁਲਿਸ ਨੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਤਰਲੋਕ ਸਿੰਘ ਵਾਸੀ ਫੱਤੂ ਢੀਂਗਾ ਜ਼ਿਲ੍ਹਾ ਕਪੂਰਥਲਾ, ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਾਖਲਾ ਕਾਲੋਨੀ ਜਲੰਧਰ, ਪੰਕਜ ਰਾਮ ਉਰਫ ਗੰਜੂ ਪੁੱਤਰ ਸਵ. ਗੁਰਨਾਮ ਦਾਸ ਵਾਸੀ ਚੇਰਾਟਾ ਅੰਮ੍ਰਿਤਸਰ, ਗੁਰਮੀਤ ਸਿੰਘ ਪੁੱਤਰ ਪੁੱਤਰ ਇੰਦਰ ਸਿੰਘ ਵਾਸੀ ਛੇਹਰਟਾ ਅੰਮ੍ਰਿਤਸਰ, ਸੁਖਦੇਵ ਕੁਮਾਰ ਵਾਸੀ ਗਾਖਲਾ ਕਾਲੋਨੀ, ਰਾਕੇਸ਼ ਕੁਮਾਰ ਵਾਸੀ ਗਾਖਲਾ ਅਤੇ ਜੋਧਾ ਵਾਸੀ ਜਲੰਧਰ ਨੂੰ ਗਿ੍ਫਤਾਰ ਕੀਤਾ ਗਿਆ ਹੈ।