ਪਟਿਆਲਾ,:ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦਾ ਮੁੱਖ ਮੁਕਾਬਲਾ ਪੂਰੀ ਤਰ੍ਹਾਂ ਨਾਲ ਕਮਜ਼ੋਰ ਪੈ ਚੁੱਕੀ ਤੇ ਨਿਰਾਸ਼ ਲੋਕਾਂ ਦੀ ਪਾਰਟੀ ਕਾਂਗਰਸ ਨਾਲ ਹੋਵੇਗਾ ਕਿਉਂ ਕਿ ਆਮ ਆਦਮੀ ਪਾਰਟੀ (ਆਪ) ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਵਾਂਗ ਲਿਫਾਫਾ ਪਾਰਟੀ ਹੈ ਅਤੇ ਜੋ ਹਸ਼ਰ ਪੀਪੀਪੀ ਦਾ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਇਆ ਸੀ, ਆਪ ਵਾਲਿਆਂ ਦਾ ਹਸ਼ਰ ਉਸ ਤੋਂ ਵੀ ਮਾੜਾ ਹੋਵੇਗਾ।
ਇੱਥੇ ਪਟਿਆਲਾ-2 ਹਲਕੇ ਦੇ ਦੂਜੇ ਤੇ ਆਖਰੀ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ 2017 ਦੀਆਂ ਚੋਣਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਹੀ ਪਾਰਟੀ ਦੇ ‘ਸਟਾਰ ਪ੍ਰਚਾਰਕ’ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਵਿਕਾਸ ਦੀ ਗਤੀ ਪੂਰੀ ਤਰ੍ਹਾਂ ਨਾਲ ਲੀਹ ‘ਤੇ ਪਈ ਹੋਈ ਹੈ ਕਿਉਂ ਕਿ ਕੇਂਦਰ ਵਿਚ ਵੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਹੈ ਜੋ ਕਿ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਖੁੱਲ੍ਹੇ ਗੱਫੇ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲਾਂ ਵਿਚ ਮੋਦੀ ਸਰਕਾਰ ਨੇ ਪੰਜਾਬ ਨੂੰ ਕਰੀਬ 30 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦਿੱਤੇ ਹਨ ਅਤੇ ਅਪੀਲ ਕੀਤੀ ਕਿ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ 2017 ਵਿਚ ਵੀ ਅਕਾਲੀ-ਭਾਜਪਾ ਸਰਕਾਰ ਬਣਾਈ ਜਾਵੇ ਕਿਉਂ ਕਿ ਇਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਬਹੁਤ ਵਧੀਆ ਤਾਲਮੇਲ ਬਣਿਆਂ ਹੋਇਆ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ‘ਆਪ’ ਨੂੰ ਕੇਂਦਰ ਸਰਕਾਰ ਨਾਲ ਲੜਾਈ ਕਰਨ ਅਤੇ ਪੰਗੇ ਲੈਣ ਲਈ ਪੰਜਾਬ ਵਰਗੇ ਮਜ਼ਬੂਤ ਰਾਜ ਵਿਚ ਸੱਤਾ ਪ੍ਰਾਪਤੀ ਚਾਹੀਦੀ ਹੈ ਅਤੇ ਕੇਜਰੀਵਾਲ ਦਾ ਮਕਸਦ ਸਿਰਫ ਪੰਜਾਬ ਨੂੰ ਵਰਤਣਾ ਹੈ, ਉਸ ਦਾ ਪੰਜਾਬ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ‘ਆਪ’ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਆਪ ਵਾਲੇ ਪੰਜਾਬ ਨੂੰ ਬਰਬਾਦ ਕਰ ਦੇਣਗੇ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਅਤੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅਤੇ ਸਾਰੀਆਂ ਪ੍ਰਮੁੱਖ ਸੜਕਾਂ ਨੂੰ 4-6 ਮਾਰਗੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕੋ-ਇਕ ਅਜਿਹਾ ਸੂਬਾ ਹੈ ਜਿੱਥੇ ਦੋ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਸਥਿਤ ਹਨ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਅਤੇ ਮੋਹਾਲੀ ਸ਼ਹਿਰ ਵਿਚ ਵੱਡੇ ਸਨਅਤੀ ਖੇਤਰ ਸਥਾਪਿਤ ਕੀਤੇ ਗਏ ਹਨ। ਆਈ.ਟੀ. ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਲੁਧਿਆਣਾ ਵਿਚ ਆਧੁਨਿਕ ਈ-ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਨਿਰਵਿਘਨ ਤੇ ਸੁਚਾਰੂ ਆਵਾਜਾਈ ਲਈ ਮੁੱਖ ਸੜਕਾਂ ‘ਤੇ ਪੈਂਦੀਆਂ ਕਰੀਬ ਸਾਰੀਆਂ ਰੇਲਵੇ ਲਾਈਨਾਂ ‘ਤੇ ਤਕਰੀਬਨ 150 ਪੁਲ ਬਣਾਏ ਗਏ ਹਨ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਵਿਚ ਕੀਤੇ ਓਵਰਆਲ ਵਿਕਾਸ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਭਾਈਵਾਲ ਪਾਰਟੀਆਂ ਦੇ ਹੋਣ ਕਰਕੇ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੀਆ ਜਾ ਰਹੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਹੜਾ ਬੰਦਾ ਆਪਣੇ ਸ਼ਹਿਰ ਪਟਿਆਲਾ ਦੇ ਇਕ ਵੀ ਵਾਰਡ ਵਿਚ ਹੀ ਨਾ ਕਦੇ ਗਿਆ ਹੋਵੇ ਉਹ ਲੋਕਾਂ ਦੇ ਕੀ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਇਕ-ਇਕ ਪਿੰਡ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਨਤਾ ਦੀ ਨਬਜ਼ ਬਾਰੇ ਸਭ ਪਤਾ ਹੈ।
ਇਸ ਮੌਕੇ ਉੱਪ ਮੁੱਖ ਮੰਤਰੀ ਨੇ ਪਟਿਆਲਾ-2 ਹਲਕੇ ‘ਚ ਦੂਜੇ ਤੇ ਆਖਰੀ ਦਿਨ ਸੰਗਤ ਦਰਸ਼ਨ ਦੌਰਾਨ ਕੁੱਲ 21 ਵਾਰਡਾਂ, ਅਰਬਨ ਅਸਟੇਟ ਫੇਜ਼ 1-2-3 ਅਤੇ ਪੰਜਾਬੀ ਯੂਨੀਵਰਸਿਟੀ ਇਲਾਕਿਆਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਨੂੰ ਵਿਕਾਸ 30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਅਤੇ ਮੌਕੇ ‘ਤੇ ਸਮੱਸਿਆਵਾਂ ਸੁਣ ਕੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੀ ਪਾਰਕਿੰਗ ਦਾ ਉਦਘਾਟਨ ਅਤੇ ਰਜਿੰਦਰਾ ਟੈਂਕ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ। ਕਾਬਿਲੇਗੌਰ ਹੈ ਕਿ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੀ ਪਾਰਕਿੰਗ ਪੰਜਾਬ ਸਰਕਾਰ ਵੱਲੋਂ 3.86 ਕਰੋੜ ਰੁਪਏ ਦੀ ਲਾਗਤ ਨਾਲ 47 ਹਜ਼ਾਰ ਵਰਗ ਫੁੱਟ ਵਿਚ ਬਣਾਈ ਗਈ ਹੈ। ਇੱਥੇ 50 ਕਾਰਾਂ ਅਤੇ 800 ਦੋ ਪਹੀਆ ਵਾਹਨ ਖੜ੍ਹੇ ਹੋ ਸਕਦੇ ਹਨ। ਇਸ ਮੌਕੇ ਉਪ ਮੁੱਖ ਮੰਤਰੀ ਮੰਦਰ ਸ਼੍ਰੀ ਕਾਲੀ ਦੇਵੀ ਵੀ ਗਏ।
ਇਸ ਮੌਕੇ ਇਕ ਅਹਿਮ ਐਲਾਨ ਕਰਦਿਆਂ ਸ. ਬਾਦਲ ਨੇ ਪਟਿਆਲਾ ਦੀ ਛੋਟੀ ਨਦੀ ਨੂੰ 13 ਕਰੋੜ ਰੁਪਏ ਦੀ ਲਾਗਤ ਨਾਲ ਪੱਕੀ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਦੇ ਸੁੰਦਰੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਦੇ ਕਿਨਾਰੇ ਸੜਕ ਬਣਾ ਕੇ ਫੁਲਦਾਰ ਬੂਟੇ ਲਗਾ ਕੇ ਸੈਰਗਾਹ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਲਦ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉੱਪ ਮੁੱਖ ਮੰਤਰੀ ਨੇ ਪਟਿਆਲਾ ਦੇ ਫੋਕਲ ਪੁਆਇੰਟ ਵਿਚ ਪੱਕੀਆਂ ਸੜਕਾਂ ਬਣਾਉਣ, ਮੁਰੰਮਤ ਕਰਨ ਅਤੇ ਫਾਇਰ ਟੈਂਡਰ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਦਾ ਪਟਿਆਲਾ-2 ਹਲਕੇ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਸਵਾਗਤ ਕੀਤਾ ਅਤੇ ਹਲਕੇ ਨੂੰ ਖੁੱਲ੍ਹੇ ਦਿਲ ਨਾਲ ਵਿਕਾਸ ਗ੍ਰਾਂਟਾਂ ਦੇਣ ਲਈ ਧੰਨਵਾਦ ਕੀਤਾ।