ਪਟਿਆਲਾ : ਜ਼ਿਲਾ ਵਿਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਰਸਮੀ ਤੋਰ ਤੇ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੀ ਸ਼ੁਰੂਆਤ ਪਟਿਆਲਾ ਨਾਭਾ ਰੋਡ ਤੇ ਸਥਿਤ ਪਿੰਡ ਕਲਿਆਣ ਵਿਖੇ ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ ਨੇ ਜ਼ਿਲਾ ਪਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਦੇ ਨਾਲ ਕੀਤੀ । ਝੋਨੇ ਦੀ ਪਨੀਰੀ ਲਾ ਕੇ ਫੇਰ ਲਾਉਣ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਹੋਰਨਾਂ ਬੱਚਤਾਂ ਤੋ ਇਲਾਵਾ 40 ਫ਼ੀਸਦੀ ਪਾਣੀ ਦੀ ਵੀ ਬੱਚਤ ਹੋਵੇਗੀ ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲਾ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਸਾਰੇ ਤਜਰਬੇ ਕਾਮਯਾਬ ਰਹੇ ਹਨ । ਉਨਾ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਪਟਿਆਲਾ ਜ਼ਿਲਾ ਤੋਂ ਹੀ ਤਜਰਬੇ ਦੇ ਤੋਰ ਤੇ 2007 ‘ਚ ਸ਼ੁਰੂ ਹੋਇਆ ਸੀ । ਖੇਤੀ ਮਾਹਿਰਾਂ ਨੇ ਹਰ ਪੱਖ ਤੋਂ ਇਸ ਨੂੰ ਠੀਕ ਪਾਇਆ ਹੈ । ਸ਼ੁਰੂ ਵਿਚ ਬਹੁਤ ਥੋੜੇ ਰਕਬੇ ‘ਚ ਕਿਸਾਨ ਭਰਾਵਾਂ ਦੀ ਸਹਾਇਤਾ ਨਾਲ ਸਿੱਧੀ ਬਿਜਾਈ ਕੀਤੀ ਗਈ ਸੀ । ਇਸ ਦਾ ਰਕਬਾ ਹਰ ਸਾਲ ਵਧ ਰਿਹਾ ਹੈ । ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲਾ ਵਿਚ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਇਸ ਸਾਲ ਵਧ ਕੇ ਦੋ ਹਜ਼ਾਰ ਏਕੜ ਕਰਨ ਦਾ ਟੀਚਾ ਰੱਖਿਆ ਗਿਆ ਹੈ ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਹੀ ਖੇਤੀ ਲਾਗਤ ਵੀ ਘੱਟ ਜਾਂਦੀ ਹੈ, ਜਦਕਿ ਝਾੜ ‘ਚ ਕੋਈ ਫ਼ਰਕ ਨਹੀਂ ਪੈਂਦਾ । ਇਸ ਤੋਂ ਇਲਾਵਾ ਫ਼ਸਲ ਨੂੰ ਬਿਮਾਰੀ ਵੀ ਘੱਟ ਲਗਦੀ ਹੈ । ਉਨਾ ਕਿਹਾ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਹਰ ਥਾਂ ਤੇ ਬੱਚਤ ਕਰਨੀ ਪਵੇਗੀ । ਜ਼ਮੀਨ ਉੱਨੀ ਹੀ ਹੈ ਜਦਕਿ ਆਬਾਦੀ ਵਧ ਰਹੀ ਹੈ । ਇਸ ਕਰਕੇ ਕਿਸਾਨ ਨੂੰ ਹਰ ਏਕੜ ਵਿਚੋਂ ਲਾਗਤ ਘੱਟ ਕਰਕੇ ਆਪਣਾ ਮੁਨਾਫ਼ਾ ਵਧਾਉਣਾ ਪਵੇਗਾ । ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਕਿਸਾਨ ਨੂੰ ਮੌਜੂਦਾ ਤਕਨੀਕ ਦੀ ਵੀ ਪੂਰੀ ਮੱਦਦ ਲੈਣੀ ਚਾਹੀਦੀ ਹੈ । ਉਨਾ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਲਈ ਹੈਲਪ ਲਾਇਨ ਨੰਬਰ 1551 ਜਾਰੀ ਕੀਤਾ ਹੋਇਆ ਹੈ, ਜਿਸ ਤੇ ਫ਼ੋਨ ਕਰ ਕੇ ਕਿਸਮਾਂ, ਖਾਦ, ਸਪਰੇਅ ਆਦਿ ਦੀ ਜਾਣਕਾਰੀ ਲਈ ਜਾ ਸਕਦੀ ਹੈ । ਇਸ ਤੋਂ ਇਲਾਵਾ ਕਿਸਾਨ ਚੈਨਲ ਵੇਖ ਕੇ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈ ਕੇ ਆਪਣੀ ਆਮਦਨ ਨੂੰ ਵਧਾ ਸਕਦੇ ਹਨ । ਮੀਡੀਆ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨੂੰ ਵਧ ਪ੍ਚਾਰ ਦੇਣ, ਤਾਂ ਕਿ ਅਸੀਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੀਏ । ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨ ਨੂੰ ਖੇਤ ਵਿਚ ਕੱਦੂ ਨਹੀਂ ਕਰਨਾ ਪੈਂਦਾ, ਇਸ ਨਾਲ ਮੀਂਹ ਦਾ ਪਾਣੀ ਧਰਤੀ ਦੇ ਹੇਠਲੇ ਪਾਣੀ ਨੂੰ ਰੀਚਾਰਜ ਕਰਦਾ ਹੈ । ਜਿਸ ਕਰ ਕੇ ਪਾਣੀ ਵਿਚ ਜ਼ਰੂਰੀ ਤੱਤ ਵਧਦੇ ਹਨ ਅਤੇ ਪ੍ਦੂਸ਼ਣ ਘੱਟ ਜਾਂਦਾ ਹੈ ।ਸ਼੍ ਰਾਮਵੀਰ ਸਿੰਘ ਨੇ ਵੱਡੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ ਖ਼ੁਦ ਤਜਰਬਾ ਕਰ ਸਕਦੇ ਹਨ, ਜਿਸ ਨਾਲ ਪਿੰਡ ਵਿਚ ਛੋਟੇ ਕਿਸਾਨ ਇਸ ਨੂੰ ਵੇਖ ਕੇ ਯਕੀਨ ਕਰ ਸਕਣ ਕਿ ਸਿੱਧੀ ਬਿਜਾਈ ਕਰਨ ਨਾਲ ਨੁਕਸਾਨ ਨਹੀਂ ਹੁੰਦਾ । ਇਸ ਮੌਕੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ, ਸਾਬਕਾ ਜੁਆਇੰਟ ਸਕੱਤਰ ਡਾ. ਬਲਵਿੰਦਰ ਸਿੰਘ ਸੋਹਲ, ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਡਾ . ਜਸਵੀਰ ਸਿੰਘ ਸੰਧੂ, ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਵਰਿੰਦਰ ਸਿੰਘ ਜੋਸ਼ਨ , ઠਬਲਾਕ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਅਤੇ ਖੇਤੀ ਮਾਹਿਰ ਡਾ. ਕੁਲਦੀਪਇੰਦਰ ਸਿੰਘ ਢਿੱਲੋਂ, ઠਡਾ. ਅਵਨਿੰਦਰ ਸਿੰਘ ਮਾਨ, ਡਾ. ਗੌਰਵ, ਡਾ. ਬਿਮਲਪ੍ਰੀਤ ਸਿੰਘ, ਡਾ. ਜਤਿੰਦਰ ਸਿੰਘ ਵੀ ਹਾਜ਼ਰ ਸਨ