ਪਟਿਆਲਾ : ਵਿਕਰਮ ਜੀਤ ਦੁੱਗਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ ਕਰਾਰ ਦਿੱਤੇ ਗਏ ਅਪਰਾਧੀਆਂ ਦੀ ਚੱਲ ਅਤੇ ਅਚੱਲ ਸੰਪਤੀ ਮਾਲ ਮਹਿਕਮਾ ਦੇ ਨਾਲ ਰਾਬਤਾ ਕਾਇਮ ਕਰਕੇ ਅਟੈਚ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਦੌਰਾਨ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਵੱਲੋਂ ਲੜਾਈ ਝਗੜੇ ਦੇ ਮੁਕੱਦਮਾ ਨੰਬਰ 287 ਮਿਤੀ 19-08-2002 ਅ/ਧ 323, 324, 506, 427, 148, 149 ਆਈ.ਪੀ.ਸੀ. ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਭਗੌੜੇ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਪਟਿਆਲਾ ਦੀ ਜਾਇਦਾਦ ਜਾਬਤੇ ਅਨੁਸਾਰ ਅਟੈਚ ਕਰਵਾਉਣ ਲਈ ਤਸਦੀਕ ਕਰਾਈ ਗਈ ਜੋ ਇਸ ਦੇ ਨਾਮ ਪਰ 140 ਗਜ ਪਲਾਟ ਗੁਰੂ ਤੇਗ ਬਹਾਦਰ ਕਲੋਨੀ ਪਟਿਆਲਾ ਵਿਖੇ ਹੈ। ਜਿਸ ਦੀ ਅੰਦਾਜਨ ਕੀਮਤ 31 ਲੱਖ ਰੁਪਏ ਹੈ, ਜੋ ਅਦਾਲਤ ਪਾਸੋਂ ਹੁਕਮ ਹਾਸਿਲ ਕਰਕੇ ਅਟੈਚ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 130 ਮਿਤੀ 21-04-2006 ਅ/ਧ 304-ਏ, 338, 337, 427, 279 ਆਈ.ਪੀ.ਸੀ. ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਐਕਸੀਡੈਂਟ ਕੇਸ ਦੇ ਭਗੌੜੇ ਮਸਤਾਨ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗੁਲਜਾਰਪੁਰ ਠਰੂਆ ਦੀ ਜਾਇਦਾਦ ਜਾਬਤੇ ਅਨੁਸਾਰ ਅਟੈਚ ਕਰਵਾਉਣ ਲਈ ਤਸਦੀਕ ਕਰਾਈ ਗਈ ਜੋ ਇਸ ਦੇ ਨਾਮ 8 ਕਨਾਲ 10 ਮਰਲੇ ਜਮੀਨ ਪਿੰਡ ਗੁਲਜਾਰਪੁਰ ਠਰੂਆ ਵਿਖੇ ਆਉਂਦੀ ਹੈ। ਜਿਸ ਦੀ ਅੰਦਾਜਨ ਕੀਮਤ 32 ਲੱਖ ਰੁਪਏ ਹੈ, ਜੋ ਅਦਾਲਤ ਪਾਸੋਂ ਹੁਕਮ ਹਾਸਿਲ ਕਰਕੇ ਅਟੈਚ ਕਰਵਾਈ ਗਈ ਹੈ।
ਦੁੱਗਲ ਨੇ ਦੱਸਿਆ ਕਿ ਇਸੇ ਤਰਾਂ ਪਟਿਆਲਾ ਪੁਲਿਸ ਵੱਲੋਂ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਪੂਰੇ ਜ਼ਿਲੇ ਵਿੱਚ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਸ਼ਤਿਹਾਰੀ ਭਗੋੜਿਆਂ ਨੂੰ ਤਾੜਨਾ ਕੀਤੀ ਜਾ ਰਹੀ ਹੈ ਕਿ ਜੋ ਵੀ ਮੁਜਰਿਮ ਪੁਲਿਸ ਤੋਂ ਲੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਪ੍ਰਾਪਰਟੀ ਕਾਨੂੰਨ ਅਨੁਸਾਰ ਅਟੈਚ ਕਰਵਾਈ ਜਾਵੇਗੀ। ਇਸ ਲਈ ਮੁਕੱਦਮਿਆਂ ਵਿੱਚ ਭਗੌੜੇ ਦੋਸ਼ੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਾਨੂੰਨੀ ਪ੍ਰਕਿਰਿਆਂ ਨੂੰ ਨਜ਼ਰਅੰਦਾਜ਼ ਨਾ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ।