ਮੋਗਾ,: ਵਿਜੀਲੈਂਸ ਬਿਓਰੋ ਮੋਗਾ ਨੇ ਸਾਲ 2015 ‘ਚ ਮੋਗਾ ਵਿਖੇ ਤਾਇਨਾਤ ਰਹੇ ਨਾਪਤੋਲ (ਲੀਗਲ ਮੈਟਰੋਲੋਜੀ) ਦੇ ਇੰਸਪੈਕਟਰ ਸੰਜੀਵ ਕੁਮਾਰ ਨੂੰ ਰਿਸ਼ਵਤ ਮਾਮਲੇ ‘ਚ ਸੰਗਰੂਰ ਤੋਂ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਮੋਗਾ ਦੇ ਇੰਸਪੈਕਟਰ ਬਾਜ਼ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਲਾਇਸੈਂਸ ਹੋਲਡਰ ਨਾਪਤੋਲ ਅਤੇ ਗੁਰਦੇਵ ਸਿੰਘ ਲਾਇਸੈਂਸ ਹੋਲਡਰ ਨਾਪਤੋਲ ਮੋਗਾ ਵੱਲੋਂ ਸਾਲ 2015 ‘ਚ ਸਾਨੂੰ ਇਕ ਵੀਡੀਓ ਸੀ. ਡੀ. ਪੇਸ਼ ਕਰਨ ਦੇ ਇਲਾਵਾ ਹਲਫੀਆ ਬਿਆਨ ਦਿੱਤੇ ਸਨ ਕਿ ਮੋਗਾ ਵਿਖੇ ਤਾਇਨਾਤ ਨਾਪਤੋਲ ਇੰਸਪੈਕਟਰ ਸੰਜੀਵ ਕੁਮਾਰ ਵੱਖ-ਵੱਖ ਫਰਮਾਂ, ਦੁਕਾਨਦਾਰਾਂ ਦੇ ਭਾਰ ਤੋਲਣ ਵਾਲੇ ਕੰਡੇ, ਜੋ ਇਕ ਸਾਲ ਲਈ ਪਾਸ ਕੀਤੇ ਜਾਂਦੇ ਹਨ, ਨੂੰ ਪਾਸ ਕਰਨ ਦੇ ਬਦਲੇ ਮੋਟੀ ਰਿਸ਼ਵਤ ਲੈਂਦਾ ਹੈ ਅਤੇ ਇਸ ਨੇ ਹੁਣ ਤੱਕ ਕਈ ਦੁਕਾਨਦਾਰਾਂ ਕੋਲੋਂ ਹਜ਼ਾਰਾਂ ਰੁਪਏ ਰਿਸ਼ਵਤ ਦੇ ਰੂਪ ‘ਚ ਇਕੱਠੇ ਕੀਤੇ ਅਤੇ ਜੇਕਰ ਇਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਇਹ ਕੰਡੇ ਪਾਸ ਕਰਨ ਸਮੇਂ ਟਾਲ-ਮਟੋਲ ਕਰਨ ਲੱਗ ਜਾਂਦਾ ਹੈ।
ਵਿਜੀਲੈਂਸ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਸੀਂ ਉਕਤ ਸ਼ਿਕਾਇਤ ਦੀ ਅਗਲੇਰੀ ਕਾਰਵਾਈ ਲਈ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਅਤੇ ਰਣਬੀਰ ਸਿੰਘ ਸੀਨੀਅਰ ਪੁਲਸ ਕਪਤਾਨ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਨੂੰ ਭੇਜੀ, ਜਿਨਾ ਨੇ ਮੈਨੂੰ ਇਸ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਅਸੀਂ ਸ਼ਿਕਾਇਤਕਰਤਾਵਾਂ ਵੱਲੋਂ ਪੇਸ਼ ਕੀਤੀ ਵੀਡੀਓ ਸੀ. ਡੀ. ਦੀ ਜਾਂਚ ਡਾਇਰੈਕਟਰ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਚੰਡੀਗੜ ਤੋਂ ਕਰਵਾਈ ਅਤੇ ਨਾਲ ਹੀ ਇੰਸਪੈਕਟਰ ਸੰਜੀਵ ਕੁਮਾਰ ਦੀ ਆਵਾਜ਼ ਵੀ ਚੈੱਕ ਕੀਤੀ ਗਈ। ਵੀਡੀਓ ਸੀ. ਡੀ. ਸਹੀ ਪਾਈ ਗਈ ਅਤੇ ਜਾਂਚ ਸਮੇਂ ਪਤਾ ਲੱਗਾ ਕਿ ਇਸ ਨੇ ਤਕਰੀਬਨ 72 ਹਜ਼ਾਰ 350 ਰੁਪਏ ਰਿਸ਼ਵਤ ਵਜੋਂ ਇਕੱਠੇ ਕੀਤੇ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਜਿਸ ‘ਤੇ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਦੇ ਆਦੇਸ਼ਾਂ ‘ਤੇ ਵਿਜੀਲੈਂਸ ਬਿਓਰੋ ਥਾਣਾ ਫਿਰੋਜ਼ਪੁਰ ਵਿਖੇ ਕਥਿਤ ਦੋਸ਼ੀ ਇੰਸਪੈਕਟਰ ਸੰਜੀਵ ਕੁਮਾਰ ਖਿਲਾਫ ਭਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਉਨਾ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਸਬ-ਇੰਸਪੈਕਟਰ ਸੋਹਨ ਸਿੰਘ, ਹੌਲਦਾਰ ਤਜਿੰਦਰ ਸ਼ਰਮਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ ‘ਤੇ ਆਧਾਰਿਤ ਟੀਮ ਗਠਿਤ ਕੀਤੀ ਗਈ, ਜਿਨਾ ਨੇ ਅੱਜ ਸਵੇਰੇ ਦੋਸ਼ੀ ਇੰਸਪੈਕਟਰ ਸੰਜੀਵ ਕੁਮਾਰ ਨੂੰ ਉਸ ਦੇ ਘਰ ਕਰਿਸ਼ਨਾ ਬਸਤੀ ਸੰਗਰੂਰ ਤੋਂ ਜਾ ਕੇ ਕਾਬੂ ਕਰ ਲਿਆ। ਦੋਸ਼ੀ ਇਸ ਸਮੇਂ ਸੰਗਰੂਰ ਵਿਖੇ ਹੀ ਤਾਇਨਾਤ ਸੀ। ਉਨਾ ਅੱਗੇ ਦੱਸਿਆ ਕਿ ਦੋਸ਼ੀ ਵੱਲੋਂ ਭਰਿਸ਼ਟ ਤਰੀਕਿਆਂ ਨਾਲ ਬਣਾਈ ਗਈ ਜਾਇਦਾਦ ਦੇ ਮਾਮਲੇ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ