ਪਟਿਆਲਾ : ਵਾਰਡ ਨੰ: 44 ਦੇ ਇਲਾਕਾ ਨਿਵਾਸੀ ਨਗਰ ਸੁਧਾਰ ਸਭਾ ਬਡੂੰਗਰ ਬੀਤੇ ਦਿਨਾਂ ਤੋਂ ਵਾਰਡ ਵਿੱਚ ਵਿਕਾਸ ਕਾਰਜਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਜਿਸ ਸਬੰਧੀ ਮੇਅਰ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੂੰ ਚੇਅਰਮੈਨ ਰਣਜੀਤ ਸਿੰਘ ਅਤੇ ਪ੍ਰਧਾਨ ਮਹਿੰਦਰ ਸਿੰਘ ਜਨਰਲ ਸਕੱਤਰ, ਰਜਿੰਦਰ ਗਿੱਲ ਨੇ ਸਭਾ ਵਲੋਂ ਮੰਗ ਪੱਤਰ ਰਾਹੀਂ ਇੱਥੇ ਵਿਕਾਸ ਦੀ ਗੁਹਾਰ ਲਗਾ ਚੁੱਕੇ ਹਨ।
ਜਿੱਥੋਂ ਸਭਾ ਨੂੰ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ ਦਾ ਨਿਰਮਾਣ ਜਲਦ ਕਰਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਲਾਕਾ ਨਿਵਾਸੀ ਦੋ ਵਾਰ ਇਸ ਸਬੰਧ ਵਿੱਚ ਮੇਅਰ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਅਜੇ ਤੱਕ ਇੱਥੇ ਟੁੱਟੀਆਂ ਸੜਕਾਂ ਆਪਣੀ ਨੁਹਾਰ ਬਦਲਣ ਦੀ ਉਡੀਕ ਕਰ ਰਹੀਆਂ ਹਨ।
ਨਗਰ ਨਿਗਮ ਤੋਂ ਬਾਅਦ ਹੁਣ ਨਗਰ ਸੁਧਾਰ ਸਭਾ ਬਡੂੰਗਰ ਨੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ਦਰਬਾਰ ਵਿੱਚ 44 ਨੰ: ਵਾਰਡ ਵਿੱਚ ਵਿਕਾਸ ਦੀ ਗੁਹਾਰ ਲਗਾਈ ਹੈ। ਇਸ ਸਬੰਧ ਵਿੱਚ ਜਦੋਂ ਨਗਰ ਸੁਧਾਰ ਸਭਾ ਦੇ ਮੈਂਬਰ ਮੰਗ ਪੱਤਰ ਲੈ ਕੇ ਐਮ.ਪੀ. ਕੈਂਪ ਆਫਿਸ ਪੁੱਜੇ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਰਘਬੀਰ ਸਿੰਘ ਬੇਦੀ ਨੇ ਸਭਾ ਦੇ ਅਹੁਦੇਦਾਰਾਂ ਨੂੰ ਦੱਸਿਆ ਕਿ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਿਦੇਸ਼ ਵਿੱਚ ਹਨ। ਜਿਸ ਕਾਰਨ ਨਗਰ ਸੁਧਾਰ ਸਭਾ ਬਡੂੰਗਰ ਨੇ ਚੇਅਰਮੈਨ ਰਣਜੀਤ ਸਿੰਘ ਦੀ ਅਗਵਾਈ ਹੇਠ ਆਪਣਾ ਮੰਗ ਪੱਤਰ ਐਮ.ਪੀ. ਕੈਂਪ ਆਫਿਸ ਵਿਖੇ ਸ੍ਰ. ਦਰਸ਼ਨ ਸਿੰਘ ਡੀ.ਐਸ.ਪੀ. ਰਿਟਾਇਰ ਅਤੇ ਰਣਜੀਤ ਸਿੰਘ ਇੰਚਾਰਜ ਐਮ.ਪੀ. ਲੈਂਡ ਨੂੰ ਦਿੱਤਾ।
ਜਿੱਥੇ ਮੰਗ ਪੱਤਰ ਰਾਹੀਂ ਆਵਾਜਈ ਵਿੱਚ ਇਲਾਕਾ ਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਨਗਰ ਸੁਧਾਰ ਸਭਾ ਬਡੂੰਗਰ ਨੇ ਦੱਸਿਆ ਕਿ ਵਾਰਡ ਨੰ: 44 ਵਿੱਚ ਸੜਕਾਂ ਬਣੀਆਂ ਨੂੰ 10 ਸਾਲ ਬੀਤ ਚੁੱਕੇ ਹਨ। ਮੁੜ ਇੱਥੇ ਕਦੇ ਰਿਪੇਅਰ ਤੱਕ ਵੀ ਸੜਕਾਂ ਦੀ ਨਹੀਂ ਹੋਈ। ਜਿਸ ਕਾਰਨ ਇੱਥੇ ਸੜਕਾਂ ਬੇ ਹੱਦ ਖਸਤਾ ਹਾਲਤ ਹੋ ਚੁੱਕੀਆਂ ਹਨ। ਬਡੂੰਗਰ ਦੀ ਮੇਨ ਮਾਰਕੀਟ ਦੀ ਸੜਕ ਜਿੱਥੇ ਕਿ ਗੁਰਦੁਆਰਾ ਸਾਹਿਬ ਹੈ ਜਿੱਥੇ ਸੜਕ ਦੀ ਮੌਜੂਦਾ ਹਾਲਤ ਬਹੁਤ ਜਿਆਦਾ ਖਸਤਾ ਹਾਲਤ ਵਿੱਚ ਹੈ। ਜਿੱਥੇ ਕਿ ਥਾਂ-ਥਾਂ ਤੇ ਟੋਏ ਪੈ ਚੁੱਕੇ ਹਨ। ਬਰਸਾਤ ਦੇ ਮੌਸਮ ਵਿੱਚ ਇੱਥੇ ਪਾਣੀ ਭਰ ਜਾਣ ਕਾਰਨ ਵਾਰਡ ਵਿੱਚ ਰਹਿੰਦੇ ਲੋਕਾਂ ਦਾ ਇੱਥੋਂ ਲੰਘਣਾ ਮੁਹਾਲ ਹੋ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 44 ਨੰ: ਵਾਰਡ ਦੇ ਵਿਕਾਸ ਲਈ ਨਗਰ ਸੁਧਾਰ ਸਭਾ ਬਡੂੰਗਰ ਨੇ ਹੁਣ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਤੇ ਆਸਾਂ ਲਾਈਆ ਹਨ।
ਇਸ ਵਿਕਾਸ ਦੇ ਮਸਲੇ ਦੇ ਹਲ ਲਈ ਐਮ.ਪੀ. ਕੈਂਪ ਆਫਿਸ ਵਲੋਂ ਇਲਾਕਾ ਨਿਵਾਸੀਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ। ਇੱਥੇ ਮੌਜੂਦ ਆਪ ਆਗੂਆਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਦੇ ਧਿਆਨ ਵਿੱਚ ਇਹ ਮਸਲਾ ਲਿਆਕੇ ਇਸਨੂੰ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਰਜਿੰਦਰ ਪੱਪੂ, ਵੀਰਭਾਨ ਜੈਨ, ਮੋਹਨ ਲਾਲ ਕੁੱਕੀ, ਬਲਜਿੰਦਰ ਸਿੰਘ, ਰਾਜ ਕੁਮਾਰ ਪੰਮੀ, ਸ਼ਿਵ ਕੁਮਾਰ, ਸਰਬਜੀਤ ਚੋਪੜਾ, ਆਦਿ ਹਾਜਰ ਸਨ।