ਪਟਿਆਲਾ,: ਸਾਬਕਾ ਮੁੱਖ ਚੋਣ ਕਮਿਸ਼ਨਰ ਜੇ.ਐਮ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਨਾਲ ਭਾਰਤੀ ਰਾਜਨੀਤੀ ਵਿਚ ਪਰਿਵਾਰਵਾਦ ਭਾਰੂ ਹੋਣ ਦੀਆਂ ਪਿਰਤਾਂ ਨੂੰ ਤੋੜਨ ਦਾ ਮੌਕਾ ਮਿਲੇਗਾ ਅਤੇ ਸਹੀ ਅਗਵਾਈ ਵਾਲੇ ਆਗੂ ਅੱਗੇ ਆਉਣ ਦੇ ਮੌਕੇ ਵਧਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦੇ ਪ੍ਧਾਨ ਰਾਜਵਿੰਦਰ ਸਿੰਘ ਧਨੋਲਾ ਨੇ ਪਟਿਆਲਾ ਵਿਖੇ ਕੀਤਾ। ਧਨੋਲਾ ਨੇ ਯੂ.ਜੀ.ਸੀ. ਵੱਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਤਾਮਿਲ ਕਰਾਉਣ ਹਿਤ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਚੋਣਾਂ ਕਰਵਾਉਣ ਸਬੰਧੀ ਕੀਤੀਆਂ ਹਦਾਇਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਸਾਡੀ ਭਾਰਤੀ ਸਿਆਸਤ ਵਿਚ ਪਰਿਵਾਰਵਾਦ ਦਾ ਬੋਲਬਾਲਾ ਹੈ ਅਤੇ ਇਨਾਂ ਨੂੰ ਕਾਇਮ ਰੱਖਣ ਲਈ ਸਿਆਸਤ ਤੇ ਭਾਰੂ ਪਰਿਵਾਰ ਅਜਿਹੀਆਂ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੇ ਜਿਸ ਕਾਰਨ ਉਨਾਂ ਦੇ ਮਨਸੂਬਿਆਂ ‘ਤੇ ਪਾਣੀ ਫਿਰਦਾ ਹੋਵੇ। ਉਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸਮਾਜ ਸੇਵਾ ਜਜ਼ਬੇ ਨਾਲ ਬਹੁਤ ਸਾਰੇ ਜੁਝਾਰੂ ਨੌਜਵਾਨ ਬੈਠੇ ਹਨ, ਜੋ ਸਾਡੇ ਦੇਸ਼ ਨੂੰ ਸਹੀ ਸੇਧ ਦੇ ਕੇ ਸਹੀ ਦਿਸ਼ਾ ਵੱਲ ਲਿਜਾ ਸਕਦੇ ਹਨ। ਇਸ ਫ਼ੈਸਲੇ ਸਦਕਾ ਉਨਾਂ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਜੋ ਪਰਿਵਾਰਵਾਦ ਕਾਰਨ ਅੱਗੇ ਨਹੀਂ ਆ ਸਕਦੇ। ਸ੍ ਧਨੋਲਾ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿਚ ਮਾਨਯੋਗ ਅਦਾਲਤ ਦਾ ਇਹ ਫ਼ੈਸਲਾ ਬਿਨਾਂ ਕਿਸੇ ਦੇਰੀ ਤੁਰੰਤ ਅਮਲ ਵਿਚ ਲਿਆਂਦਾ ਜਾਵੇ ਤਾਂ ਜੋ ਦੇਸ ਨੂੰ ਸਹੀ ਅਗਵਾਈ ਦਿੱਤੀ ਜਾਵੇ। ਉਨਾਂ ਕਿਹਾ ਕਿ ਜੇਕਰ ਇਸ ਫ਼ੈਸਲੇ ਨੂੰ ਲਾਗੂ ਕਰਨ ਵਿਚ ਫਿਰ ਕੋਤਾਹੀ ਵਰਤੀ ਗਈ ਤਾਂ ਉਨਾਂ ਦੀ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਤੋਂ ਹੀ ਗੁਰੇਜ਼ ਨਹੀਂ ਕਰੇਗੀ।