ਤੰਬਾਕੂ ਸਬੰਧੀ ਕਾਨੂੰਨ ਦੀ ਉਲੰਘਣਾ ਵਿਰੁੱਧ ਕਾਰਵਾਈ ਕੀਤੀ।
ਫਰੀਦਕੋਟ (ਸ਼ਰਨਜੀਤ )ਡਿਪਟੀ ਕਮਿਸ਼ਨਰ ਸ੍ ਮੁਹੰਮਦ ਤਈਅਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਗੁਰਪਾਲ ਸਿੰਘ ਸਿਵਲ ਸਰਜਨ ਦੇ ਹੁਕਮਾਂ ਤੇ ਡਾ ਹਰਪ੍ਰੀਤ ਸਿੰਘ ਬੈਂਸ, ਨੋਡਲ ਅਫਸਰ, ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਦੀ ਅਗਵਾਈ ਵਿੱਚ ਟੀਮ ਵੱਲੋਂ ਫਰੀਦਕੋਟ ਅਤੇ ਸਾਦਿਕ ਵਿੱਚ ਵੱਖ-ਵੱਖ ਥਾਂਵਾਂ ਤੇ ਛਾਪੇ ਮਾਰੇ ਗਏ ਅਤੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲੇ ਉਲੰਘਣਾਕਾਰੀਆਂ ਨੂੰ ਮੌਕੇ ਤੇ ਜ਼ੁਰਮਾਨੇ ਅਤੇ ਅਦਾਲਤੀ ਚਲਾਨ ਕੀਤੇ ਗਏ। ਇਸ ਟੀਮ ਵਿੱਚ ਸ਼ਿਵਜੀਤ ਸਿੰਘ ਸੰਘਾ ਤੰਬਾਕੂ ਕੰਟਰੋਲ ਸੈੱਲ ਫਰੀਦਕੋਟ, ਪ੍ਦੀਪ ਸਿੰਘ ਬਰਾਡ਼, ਪੂਰਨ ਸਿੰਘ, ਸਵਰਨ ਸਿੰਘ ਗੁਰਦੇਵ ਸਿੰਘ ਅਤੇ ਹਰਜੀਤ ਸਿੰਘ ਸ਼ਾਮਿਲ ਸਨ।
ਇਸ ਟੀਮ ਵੱਲੋਂ ਵੱਖ-ਵੱਖ AE ਉਲੰਘਣਾਕਾਰੀਆਂ ਦੇ ਮੌਕੇ ਤੇ ਜ਼ੁਰਮਾਨੇ ਅਤੇ ਦੋ ਉਲੰਘਣਾਕਾਰੀਆਂ ਦੇ ਅਦਾਲਤੀ ਚਲਾਨ ਕੀਤੇ ਗਏ। ਇਸ ਮੌਕੇ ਤੇ ਡਾ ਹਰਪ੍ਰੀਤ ਸਿੰਘ ਬੈਂਸ, ਨੋਡਲ ਅਫਸਰ, ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਅਤੇ ਸ਼ਿਵਜੀਤ ਸਿੰਘ ਨੇ ਦੱਸਿਆ ਕਿ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਾਰਨ ਬਣਨ ਵਾਲੇ ਤੰਬਾਕੂ ਦੇ ਧੂੰਏਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਬਣਾਏ ਗਏ ਕੋਟਪਾ ਐਕਟ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ ਲਈ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਇਸ ਕਾਨੂੰਨ ਤਹਿਤ ਜਨਤਕ ਥਾਂਵਾਂ ਤੇ ਤੰਬਾਕੂਨੋਸ਼ੀ ਅਤੇ ਸਿੱਖਿਆ ਸੰਸਥਾਂਵਾਂ ਦੇ ਸੌ ਗਜ਼ ਦੇ ਘੇਰੇ ਵਿੱਚ ਤੰਬਾਕੂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਹੋ ਸਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸਿਗਰਟ/ਬੀਡ਼ੀ ਅਤੇ ਖੁਸ਼ਬੂਦਾਰ/ਸਵਾਦੀ ਅਤੇ ਖਾਧ ਪਦਾਰਥ ਰਲੇ ਤੰਬਾਕੂ ਦੀ ਵਿਕਰੀ ਤੇ ਵੀ ਮੁਕੰਮਲ ਰੋਕ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵਪਾਰਕ ਅਦਾਰਾ ਕੋਟਪਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਵਪਾਰਕ ਲਾਇਸੈਂਸ ਵੀ ਰੱਦ ਹੋ ਸਕਦਾ ਹੈ।