ਬਠਿੰਡਾ, : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਕਿਹਾ ਕਿ ਰਾਜ ਵਿਚ ਸਥਾਪਤ ਗਊਸ਼ਾਲਾਵਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਆਉਂਦੇ ਕੁਝ ਦਿਨਾਂ ਵਿਚ 22 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਆਉਂਦੇ ਤਿੰਨ ਮਹੀਨਿਆਂ ਤੱਕ ਬੇਸਹਾਰਾ ਗਊਆਂ ਦੀ ਚੰਗੇ ਢੰਗ ਨਾਲ ਦੇਖਭਾਲ ਕੀਤੀ ਜਾ ਸਕੇ।
ਬਠਿੰਡਾ ਜ਼ਿਲੇ ਦੀਆਂ 48 ਗਊਸ਼ਾਲਾਵਾਂ ਨੂੰ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਵੰਡਣ ਉਪਰੰਤ ਸ਼੍ਰੀ ਕੀਮਤੀ ਭਗਤ ਨੇ ਅੱਜ ਇੱਥੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਜ਼ਿਲੇ ਭਰ ਤੋਂ ਆਏ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਨਾਲ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਸਮੇਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਹਰ ਜ਼ਿਲੇ ਵਿਚ ਬਣ ਚੁੱਕੀ ਜਾਂ ਉਸਾਰੀ ਅਧੀਨ ਗਊਸ਼ਾਲਾ (ਕੈਟਲ ਪੌਂਡ) ਲਈ ਇੱਕ-ਇੱਕ ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਬਠਿੰਡਾ ਸਮੇਤ ਹਰ ਜ਼ਿਲੇ ਨੂੰ ਦਿੱਤੀ ਜਾ ਰਹੀ ਇੱਕ-ਇੱਕ ਕਰੋੜ ਦੀ ਰਾਸ਼ੀ ਨਾਲ 30X੨00 ਵਰਗ ਦੇ ਸ਼ੈਡ ਉਸਾਰੇ ਜਾਣਗੇ। ਉਨਾਂ ਕਿਹਾ ਕਿ ਇਹ ਕੰਮ ਆਉਂਦੇ ਦੋ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਰਾਜ ਵਿਚ ਘੁੰਮ ਰਹੀਆਂ ਬੇਸਹਾਰਾ ਗਊਆਂ ਕੈਟਲ ਪੌਂਡਾਂ ਵਿਚ ਭੇਜੀਆਂ ਜਾਣਗੀਆਂ।
ਸ਼੍ਰੀ ਭਗਤ ਨੇ ਦੱਸਿਆ ਕਿ ਹੁਣ ਤੱਕ 472 ਗਊਸ਼ਾਲਾਵਾਂ ਰਜਿਸਟਰਡ ਹਨ ਜਿਨਾਂ ਵਿਚ 2.69 ਲੱਖ ਗਊਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ 30 ਸਤੰਬਰ ਤੱਕ ਕਮਿਸ਼ਨ ਵਲੋਂ ਸਮੂਹ ਜ਼ਿਲਿਆ ਵਿਚ ਗਊਧਨ ਦੀ ਸਾਂਭ-ਸੰਭਾਲ ਨੂੰ ਹੋਰ ਉਤਸ਼ਾਹਤ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੀ ਭਗਤ ਨੇ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਇੱਕ-ਇੱਕ ਅਜਿਹਾ ਸੂਬਾ ਹੈ ਜੋ ਗਊਸ਼ਾਲਾਵਾਂ ਲਈ ਵੱਧ ਤੋਂ ਵੱਧ ਸਹੂਲਤਾਂ ਦੇ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ਵਿੱਚ 15 ਤੋਂ 25 ਏਕੜ ਵਿਚ ਕੈਟਲ ਪੌਂਡ ਬਣਾਏ ਜਾ ਰਹੇ ਹਨ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ 1.06 ਲੱਖ ਬੇਸਹਾਰਾ ਪਸ਼ੂ ਰਾਜ ਵਿਚ ਸੜਕਾਂ ਆਦਿ ‘ਤੇ ਘੁੰਮਦੇ ਹਨ ਜਿਨਾਂ ਨੂੰ ਗਊਸ਼ਾਲਾਵਾਂ ਵਿਚ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਸਮੂਹ ਗਊਸ਼ਾਲਾਵਾਂ ਵਿਚ ਗਊਆਂ ਅਤੇ ਉਨਾਂ ਦੇ ਵਛੜਿਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਦੇ ਮਾਹਰ ਡਾਕਟਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਕਿ ਬਿਮਾਰ ਗਊਆਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਪੱਤਰਕਾਰਾਂ ਵਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਸ਼੍ਰੀ ਭਗਤ ਨੇ ਗਊ ਰਖਿਅਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ। ਉਨਾਂ ਕਿਹਾ ਕਿ ਜੇਕਰ ਗਊ ਰਖਿਅਕਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸੰਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਸੂਚਿਤ ਕਰਨ।
ਸਾਹੀਵਾਲ ਨਸਲ ਦੇ ਸੁਧਾਰ ਸਬੰਧੀ ਸ਼੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 90ਫੀਸਦੀ ਸਬਸਿਡੀ ‘ਤੇ 2500 ਰੁਪਏ ‘ਤੇ ਗਊਸ਼ਾਲਾਵਾਂ ਨੂੰ ਨੰਦੀ ਦਿੱਤੇ ਜਾ ਰਹੇ ਹਨ ਤਾਂ ਜੋ ਸਾਹੀਵਾਲ ਨਸਲ ਦਾ ਸੁਧਾਰ ਹੋ ਸਕੇ।
ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਦੇ ਪਿੰਡ ਜੋਗਾ ਵਿਚ ਗਊ ਯਾਦਗਾਰ ਬਣਾਉਣ ਲਈ ਜ਼ਮੀਨ ਖਰੀਦਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਲਈ 60 ਲੱਖ ਰੁਪਏ ਦੀ ਪਹਿਲੀ ਕਿਸ਼ਤ ਆ ਚੁੱਕੀ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਗਊਸ਼ਾਲਾਵਾਂ ਨੂੰ ਟਿਊਬਵੈਨ ਕੁਨੈਕਸ਼ਨ ਵੀ ਪਹਿਲ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਗਊਸ਼ਾਲਾਵਾਂ ਦੀ ਰਜਿਸਟਰੀ ਮੌਕੇ ਸਟੈਂਪ ਡਿਊਟੀ ਮੁਆਫ਼ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਦੁਰਗੇਸ਼ ਸ਼ਰਮਾਂ ਤੋਂ ਇਲਾਵਾ ਭਾਜਪਾ ਜ਼ਿਲਾ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ੀਤਲ ਜਿੰਦਲ ਹਾਜ਼ਰ ਸਨ।