ਪਟਿਆਲਾ, : ਅੱਜ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਸਰਕਾਰੀ ਕਾਲਜ ਲੜਕੀਆਂ ਵਿਚ ਕਾਲਜ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਉਨਾ ਨੂੰ ਬੀ ਏ ਦੇ ਦੂਜੇ ਸਮੈਸਟਰ ਵਿਚ ਚੋਣਵਾਂ ਵਿਸ਼ਾ ਬਦਲਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਹ ਨਿਯਮ ਸਮੈਸਟਰ ਸਿਸਟਮ ਪ੍ਣਾਲੀ ਹੇਠ ਇਸੇ ਸਾਲ ਤੋਂ ਸ਼ੁਰੂ ਹੋਇਆ ਹੈ, ਜੋ ਕਿ ਵਿਦਿਆਰਥੀ ਹਿਤਾਂ ਦੇ ਵਿਰੁੱਧ ਹੈ। ਇਸ ਨਿਯਮ ਨੇ ਵਿਦਿਆਰਥੀਆਂ ਤੋਂ ਦੂਜੇ ਸਾਲ ਵਿਚ ਇਕ ਵਿਸ਼ਾ ਬਦਲਣ ਦਾ ਹੱਕ ਖੋਹ ਲਿਆ ਹੈ। ਵਿਦਿਆਰਥੀ ਆਗੂ ਨਿਕਿਤਾ ਨੇ ਕਿਹਾ ਕਿ ਸਮੈਸਟਰ ਸਿਸਟਮ ਵਿਦਿਆਰਥੀ ਹੱਕਾਂ ਦੇ ਖਿਲਾਫ ਹੈ। ਇਸ ਨਾਲ ਵਿਦਿਆਰਥੀਆਂ ਨੂੰ ਦੋ ਵਾਰ ਫੀਸ ਭਰਨੀ ਪੈਂਦੀ ਹੈ ਅਤੇ ਅਸੈਸਮੈਂਟ ਦੇ ਨਾਂ ‘ਤੇ ਵਿਦਿਆਰਥੀਆਂ ਨੂੰ ਸਮਾਜਿਕ ਹਾਲਤਾਂ ਅਤੇ ਰਾਜਨੀਤੀ ਤੋਂ ਦੂਰ ਕੀਤਾ ਜਾਂਦਾ ਹੈ। ਬੀ ਏ ਭਾਗ ਦੂਜਾ ਵਿਚ ਵਿਸ਼ਾ ਨਾ ਬਦਲਣ ਦੇਣ ਪਿੱਛੇ ਪ੍ਰਸ਼ਾਸਨ ਦਾ ਵਿਦਿਆਰਥੀ ਵਿਰੋਧੀ ਰਵਈਆ ਅਤੇ ਆਲਸੀਪੁਣਾ ਜਾਹਿਰ ਹੁੰਦਾ ਹੈ। ਆਗੂ ਅਮਨਦੀਪ ਨੇ ਕਾਲਜ ਪ੍ਰਿੰਸੀਪਲ ਡਾ. ਚਿਰੰਜੀਵ ਕੌਰ ਨਾਲ ਗੱਲਬਾਤ ਕੀਤੀ ਅਤੇ ਡੀ ਐਸ ਓ ਨੇ ਇਹ ਫੈਸਲਾ ਲਿਆ ਕਿ ਇਹ ਹੜਤਾਲ ਦਿਨ-ਰਾਤ ਜਾਰੀ ਰਹੇਗੀ ਜਦੋਂ ਤੱਕ ਕਿ ਵਿਦਿਆਰਥਣਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ।