ਪਟਿਆਲਾ, : ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਅੱਜ ਸਵੇਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸਿਵਲ ਸਰਜਨ ਦਫ਼ਤਰ ਅਤੇ ਇੰਟਰਨਲ ਆਡਿਟ ਦਫ਼ਤਰ ਦੀ ਅਚਨਚੇਤ ਚੇਕਿੰਗ ਕੀਤੀ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਸਿਵਲ ਸਰਜਨ ਦਫ਼ਤਰ ਵਿੱਚ ਦੋ ਡਰੱਗ ਇੰਸਪੈਕਟਰਾਂ ਸਮੇਤ 8 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਚੈਕਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਮੇਤ 11 ਅਧਿਕਾਰੀ/ ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜਦ ਕਿ ਇੰਟਰਨਲ ਆਡਿਟ ਦਫ਼ਤਰ ਦੇ 10 ਅਧਿਕਾਰੀ/ ਕਰਮਚਾਰੀ ਗੈਰ ਹਾਜ਼ਰ ਮਿਲੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਵਿੱਚ 2 ਡਰੱਗ ਇੰਸਪੈਕਟਰ, 2 ਡਾਟਾ ਐਂਟਰੀ ਓਪਰੇਟਰਾਂ ਸਮੇਤ 8 ਮੁਲਾਜ਼ਮ ਗੈਰ ਹਾਜ਼ਰ ਮਿਲੇ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਮੇਤ 11 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਮਿਲੇ ਅਤੇ ਇੰਟਰਨਲ ਆਡਿਟ ਦਫ਼ਤਰ ਦੇ ਕੁੱਲ 12 ਅਧਿਕਾਰੀਆਂ/ ਕਰਮਚਾਰੀਆਂ ਵਿੱਚੋਂ 10 ਗੈਰ ਹਾਜ਼ਰ ਮਿਲੇ ਹਨ। ਜਦ ਕਿ ਇਸ ਦਫ਼ਤਰ ਵਿੱਚ ਸਿਰਫ ਦੋ ਸੇਵਾਦਾਰ ਹੀ ਹਾਜ਼ਰ ਪਾਏ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ ਬਾਰੇ ਉਹਨਾਂ ਦੇ ਮੁੱਖ ਦਫ਼ਤਰਾਂ ਨੂੰ ਸੂਚਿਤ ਕੀਤਾ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਦਫ਼ਤਰਾਂ ਵਿੱਚ ਦੇਰੀ ਨਾਲ ਆਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਪੂਰੇ ਜ਼ਿਲ੍ਹੇ ਭਰ ਵਿੱਚ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਜਾਰੀ ਰਹੇਗੀ।