ਲੁਧਿਆਣਾ:ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਡਿਊਟੀ ‘ਚ ਕੋਤਾਹੀ ਵਰਤਣ ਅਤੇ ਰਿਸ਼ਵਤ ਲੈਣ ਦੇ ਮਾਮਲੇ ‘ਚ ਇਕ ਥਾਣੇ ਦੇ ਐਸ. ਐਚ. ਓ. ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਪਾਸੋਂ ਰਿਸ਼ਵਤ ਦੀ ਰਕਮ ਵਿਚੋਂ 1 ਲੱਖ 60 ਹਜ਼ਾਰ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਡੀ. ਸੀ. ਪੀ. ਸ੍ ਨਰਿੰਦਰ ਭਾਰਗਵ ਨੇ ਦੱਸਿਆ ਕਿ ਮਿਲਰਗੰਜ ਵਿਚ ਸੰਜਮ ਇੰਪੋਰੀਅਮ ਵਿਚ ਉਨਾ ਦੇ ਨੌਕਰ ਨੀਰਜ ਕੁਮਾਰ ਨੇ 11 ਅਗਸਤ ਦੀ ਰਾਤ ਨੂੰ 3 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ। ਨੀਰਜ ਦੁਕਾਨ ਦੇ ਅੰਦਰ ਹੀ ਬੈਠਾ ਰਿਹਾ ਅਤੇ ਅੱਧੀ ਰਾਤ ਨੂੰ ਚੋਰੀ ਕਰਕੇ ਜਦੋਂ ਉਹ ਭੱਜ ਰਿਹਾ ਸੀ ਤਾਂ ਉਥੇ ਤਾਇਨਾਤ ਚੌਕੀਦਾਰ ਨੇ ਉਸਨੂੰ ਦੇਖ ਲਿਆ। ਚੌਕੀਦਾਰ ਵੱਲੋਂ ਇਸਦੀ ਸੂਚਨਾ ਮਾਲਕ ਸੰਜੇ ਕੁਮਾਰ ਨੂੰ ਦਿੱਤੀ ਗਈ। ਸੰਜੇ ਕੁਮਾਰ ਰਾਤ 1:30 ਵਜੇ ਦੁਕਾਨ ‘ਤੇ ਪਹੁੰਚੇ, ਪਰ ਉਸ ਵੇਲੇ ਤੱਕ ਨੀਰਜ ਅਤੇ ਉਸਦਾ ਸਾਥੀ ਵਿੱਕੀ ਉਥੋਂ ਫਰਾਰ ਹੋ ਚੁੱਕੇ ਸਨ। ਜਦੋਂ ਚੌਂਕੀਦਾਰ ਨੇ ਨੀਰਜ ਨੂੰ ਦੇਖਿਆ ਤਾਂ ਨੀਰਜ ਉਥੋਂ ਭੱਜ ਪਿਆ, ਜਿਸ ਕਾਰਨ ਉਸਦੇ ਸੱਟ ਲੱਗ ਗਈ। ਅਗਲੇ ਦਿਨ ਨੀਰਜ ਨੇ ਆਪਣੇ ਮਾਲਕ ਸੰਜੇ ਕੁਮਾਰ ਨੂੰ ਡਿਊਟੀ ‘ਤੇ ਨਾ ਆਉਣ ਬਾਰੇ ਦੱਸਿਆ, ਜਿਸ ‘ਤੇ ਮਾਲਕਾਂ ਨੂੰ ਨੀਰਜ ‘ਤੇ ਸ਼ੱਕ ਹੋਇਆ ਅਤੇ ਉਨਾ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਨੀਰਜ ਪਾਸੋਂ ਜਦੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਚੋਰੀ ਕਰਕੇ ਜਾ ਰਹੇ ਸਨ ਤਾਂ ਸ਼ਿਮਲਾਪੁਰੀ ਨੇੜੇ ਪੁਲਿਸ ਨੇ ਉਨਾ ਨੂੰ ਰੋਕ ਲਿਆ ਅਤੇ ਥਾਣੇ ਲੈ ਗਏ। ਥਾਣੇ ਵਿਚ ਐਸ. ਐਚ. ਓ. ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਵੱਲੋਂ ਉਨਾ ਵੱਲੋਂ ਚੋਰੀ ਕੀਤੀ ਗਈ ਰਕਮ ਆਪਣੇ ਪਾਸ ਹੀ ਰੱਖ ਲਈ। ਜਦੋਂ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਕਮਿਸ਼ਨਰ ਵੱਲੋਂ ਫੌਰੀ ਕਾਰਵਾਈ ਕਰਦਿਆਂ ਥਾਣਾ ਸ਼ਿਮਲਾਪੁਰੀ ਦੇ ਐਸ. ਐਚ. ਓ. ਜਗਜੀਤ ਸਿੰਘ ਨੂੰ ਮੁਅੱਤਲ ਕਰਕੇ ਉਸ ਖਿਲਾਫ਼ ਰਿਸ਼ਵਤ ਰੋਕੂ ਐਕਟ ਅਧੀਨ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਪੁਲਿਸ ਵੱਲੋਂ ਅੱਜ ਸ਼ਾਮ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਪਾਸੋ ਰਿਸ਼ਵਤ ਦੀ ਰਕਮ ਵਿਚੋਂ 1 ਲੱਖ 60 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਹੈ।