ਸ੍ ਮੁਕਤਸਰ ਸਾਹਿਬ, 12 ਸਤੰਬਰ: ਝੋਨੇ ਦੇ ਅਗਾਮੀ ਖਰੀਦ ਸੀਜਨ ਦੌਰਾਨ ਫਸਲ ਦੀ ਸਰਕਾਰੀ ਖਰੀਦ ਕਰਨ ਲਈ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੁਣ ਤੱਕ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਬੈਠਕ ਵਿਚ ਸ੍ ਮੁਕਤਸਰ ਸਾਹਿਬ ਦੇ ਐਸ.ਡੀ.ਐਮ. ਸ੍ ਰਾਮ ਸਿੰਘ, ਮਲੋਟ ਦੇ ਐਸ.ਡੀ.ਐਮ. ਸ੍ ਬਿਕਰਮਜੀਤ ਸ਼ੇਰਗਿੱਲ, ਗਿੱਦੜਬਾਹਾ ਦੇੇ ਐਸ.ਡੀ.ਐਮ. ਡਾ: ਮਨਦੀਪ ਕੌਰ ਅਤੇ ਡੀ.ਐਸ.ਐਸ.ਸੀ. ਮੈਡਮ ਗੀਤਾ ਬਿਸੰਭੂ ਵਿਸੇਸ਼ ਤੌਰ ਤੇ ਹਾਜਰ ਸਨ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਵਾਰ ਝੋਨੇ ਦੀ ਖਰੀਦ ਲਈ 113 ਖਰੀਦ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨਾਂ ਨੇ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਖਰੀਦ ਕੇਂਦਰਾਂ ਤੇ ਬਿਜਲ, ਪਾਣੀ ਅਤੇ ਸਫਾਈ ਦੇ ਅਗੇਤੇ ਪ੍ਰਬੰਧ ਕਰ ਲੈਣੇ ਯਕੀਨੀ ਬਣਾਉਣ। ਇਸ ਸਬੰਧੀ ਐਸ.ਡੀ.ਐਮ. ਕੀਤੀਆਂ ਤਿਆਰੀਆਂ ਦੀ ਮਾਲ ਅਫ਼ਸਰਾਂ ਤੋਂ ਆਪਣੇ ਪੱਧਰ ਤੇ ਪੜਤਾਲ ਵੀ ਕਰਵਾ ਲੈਣਗੇ। ਪਿੱਛਲੇ ਸਾਲ 3.79 ਲੱਖ ਟਨ ਝੋਨੇ ਦੀ ਆਮਦ ਦੇ ਮੁਕਾਬਲੇ ਇਸ ਵਾਰ ਵਧੇਰੇ ਝੋਨੇ ਦੀ ਆਵਕ ਹੋਣੀ ਹੈ ਇਸ ਲਈ ਜਿਆਦਾ ਪ੍ਰਬੰਧ ਕੀਤੇ ਜਾ ਰਹੇ ਹਨ। ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਜਰੂਰਤ ਅਨੁਸਾਰ ਬੋਰੀਆਂ ਦਾ ਪ੍ਰਬੰਧ ਹੋ ਚੁੱਕਾ ਹੈ। ਇਸ ਵਾਰ ਮਿਠੜੀ ਬੁੱਧਗਿਰ ਵਿਚ ਨਵੀਂ ਅਨਾਜ ਮੰਡੀ ਸ਼ੁਰੂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਨੂੰ ਹੁਣ ਤੋਂ ਹੀ ਲੇਬਰ, ਢੋਆ ਢੁਆਈ ਆਦਿ ਦੇ ਅਗਾਉਂ ਪ੍ਬੰਧ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਕਰੀ ਸਮੇਂ ਕੋਈ ਦਿੱਕਤ ਨਾ ਆਵੇ। ਉਨਾਂ ਨੇ ਇਸ ਮੌਕੇ ਆੜਤੀਆਂ, ਟਰਾਂਸਪੋਟਰਾਂ, ਸ਼ੈਲਰ ਮਾਲਕਾਂ ਨਾਲ ਵੀ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਿੱਲੇ ਝੋਨੇ ਦੀ ਕਟਾਈ ਨਾ ਕਰਨ ਕਿਉਂਕਿ ਵਧੇਰੇ ਨਮੀ ਵਾਲੇ ਝੋਨੇ ਦੀ ਵਿਕਰੀ ਸੰਭਵ ਨਹੀਂ ਹੋ ਸਕੇਗੀ। ਇਸ ਲਈ ਕਿਸਾਨ ਫਸਲ ਦੇ ਪੂਰੀ ਤਰਾਂ ਨਾਲ ਸੁਕਣ ਤੇ ਹੀ ਕਟਾਈ ਕਰਨ ਤਾਂ ਜੋ ਕਿਸਾਨਾਂ ਨੂੰ ਫਸਲ ਦੀ ਵਿਕਰੀ ਵਿਚ ਕੋਈ ਦਿੱਕਤ ਨਾ ਆਵੇ। ਉਨਾਂ ਨੇ ਰਾਤ ਨੂੰ ਕਟਾਈ ਨਾ ਕਰਨ ਦੀ ਸਲਾਹ ਦਿੱਤੀ। ਇਸੇ ਤਰਾਂ ਉਨਾਂ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਵੀ ਕਿਸਾਨਾਂ ਨੂੰ ਕੀਤੀ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ, ਸ: ਹਰਜੀਤ ਸਿੰਘ ਨੀਲਾ ਮਾਨ, ਸ: ਨੱਥਾ ਸਿੰਘ, ਮਾਰਕਫੈਡ ਦੇ ਡੀ.ਐਮ. ਸ: ਐਚ.ਐਸ. ਧਾਲੀਵਾਲ, ਮਾਰਕਿਟ ਕਮੇਟੀ ਦੇ ਸਕੱਤਰ ਸ: ਗੁਰਚਰਨ ਸਿੰਘ ਵੀ ਹਾਜਰ ਸਨ।