ਪਟਿਆਲਾ,: ਪਟਿਆਲਾ ਨੇੜੇ ਪਿੰਡ ਬਹਾਦਰਗੜ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਨਿਰਾਲਾ ਹੈ। ਇਸ ਦਫ਼ਤਰ ਵਿਚ ਪਾਣੀ ਦਾ ਬਿਲ ਭਰਨ ਅਤੇ ਹੋਰ ਕੰਮ ਧੰਦੇ ਆਏ ਲੋਕ ਉਸ ਸਮੇਂ ਹੈਰਾਨ ਰਹਿ ਜਾਂਦੇ ਹਨ ਜਦੋਂ ਦਫ਼ਤਰ ਆ ਕੇ ਉਹਨਾਂ ਨੂੰ ਸਾਰਾ ਦਫ਼ਤਰ ਹੀ ਖਾਲੀ ਮਿਲਦਾ ਹੈ। ਇਸ ਦਫ਼ਤਰ ਵਿਚ ਨਾ ਤਾਂ ਅਫਸਰ ਹੁੰਦੇ ਹਨ ਤੇ ਨਾ ਹੀ ਹੋਰ ਕਰਮਚਾਰੀ।
ਇਸ ਪੱਤਰਕਾਰ ਨੇ ਜਦੋਂ ਇਸ ਦਫਤਰ ਦਾ ਅੱਜ ਸਵੇਰੇ 10 ਵਜੇ ਦੌਰਾ ਕੀਤਾ ਤਾਂ ਸਾਰਾ ਦਫ਼ਤਰ ਹੀ ਖਾਲੀ ਸੀ, ਖਾਲੀ ਪਈਆਂ ਕੁਰਸੀਆਂ ਹਰ ਕਿਸੇ ਦਾ ਮੂੰਹ ਚਿੜਾ ਰਹੀਆਂ ਸਨ, ਜਿਸ ਕਰਕੇ ਇਕ ਵਾਰ ਤਾਂ ਅਜਿਹਾ ਲਗਿਆ ਕਿ ਜਿਵੇਂ ਕੋਈ ਸਰਕਾਰੀ ਛੁਟੀ ਹੀ ਹੋਵੇ। ਦਫਤਰ ਵਿਚ ਸਿਰਫ਼ ਇਕ ਸਫਾਈ ਸੇਵਕ ਸੀ, ਜੋ ਕਿ ਝਾੜੂ ਲਗਾ ਰਿਹਾ ਸੀ ਤੇ ਪਾਣੀ ਦਾ ਬਿਲ ਭਰਨ ਆਏ ਅਨੇਕਾਂ ਲੋਕ ਬਾਹਰ ਠੰਡ ਵਿਚ ਖੜੇ ਪ੍ਰੇਸ਼ਾਨ ਹੋ ਰਹੇ ਸਨ ਤੇ ਕਈ ਬੀਬੀਆਂ ਵੀ ਠੰਡ ਵਿਚ ਠਰੂੰ ਠਰੂੰ ਕਰਦੀਆਂ ਸਰਕਾਰੀ ਮੁਲਾਜਮਾਂ ਨੂੰ ਉਡੀਕ ਰਹੀਆਂ ਸਨ। ਦਫ਼ਤਰ ਦੇ ਸਫਾਈ ਕਰਮਚਾਰੀ ਨੇ ਦਸਿਆ ਕਿ ਬਿਲ ਭਰਨ ਵਾਲਾ ਬੰਦਾ ਬਾਹਰ ਖੜਾ ਧੁੱਪ ਸੇਕ ਰਿਹਾ ਹੈ ਪਰ ਬਾਹਰ ਵੀ ਕੋਈ ਨਹੀਂ ਸੀ। ਇਕ ਘੰਟਾ ਉਥੈ ਉਡੀਕ ਕਰਨ ਤੋਂ ਬਾਅਦ ਵੀ ਉਥੇ ਨਾ ਤਾਂ ਕੋਈ ਕਰਮਚਾਰੀ ਹੀ ਆਇਆ ਤੇ ਨਾ ਹੀ ਕੋਈ ਅਫ਼ਸਰ ਆਇਆ। ਲੋਕ ਚਰਚਾ ਕਰ ਰਹੇ ਸਨ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਦਫ਼ਤਰ ਆ ਕੇ ਖਾਲੀ ਹੱਥ ਮੁੜ ਚੁਕੇ ਹਨ ਤੇ ਇਸ ਦਫ਼ਤਰ ਦੇ ਮੁਲਾਜ਼ਮ ਜਾਂ ਤਾਂ ਧੁੱਪ ਸੇਕ ਰਹੇ ਹੁੰਦੇ ਹਨ ਜਾਂ ਸੀਟ ਉਪਰ ਮਿਲਦੇ ਹੀ ਨਹੀਂ। ਜਿਸ ਕਰਕੇ ਇਸ ਦਫਤਰ ਨਾਲ ਜੁੜੇ ਕਈ ਪਿੰਡਾਂ ਦੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨ ਹੋਣਾ ਪੈਂਦਾ ਹੈ।
ਕਰਮਚਾਰੀਆਂ ਦੇ ਦਫ਼ਤਰ ਵਿਚੋਂ ਗਾਇਬ ਹੋਣ ਸਬੰਧੀ ਜਦੋਂ ਉਪ ਮੰਡਲ ਇੰਜਨੀਅਰ ਦਿਨੇਸ਼ ਮਾਰਵਾਹ ਨਾਲ ਗੱਲ ਕਰਨੀ ਚਾਹੀ ਤਾਂ ਇਹ ਵੇਖ ਕੇ ਸਾਰੇ ਹੀ ਹੈਰਾਨ ਹੋ ਗਏ ਕਿ ਉਹ ਖੁਦ ਵੀ ਆਪਣੀ ਸੀਟ ਤੋਂ ਗਾਇਬ ਸਨ,ਜਿਸ ਕਰਕੇ ਉਹਨਾਂ ਕੌਲ ਵੀ ਲੋਕ ਆਪਣਾ ਦੁਖੜਾ ਫਰੋਲ ਨਹੀਂ ਸਕੇ। ਹੋਰ ਕਿਸੇ ਤਰੀਕੇ ਨਾਲ ਸ੍ਰੀ ਮਰਵਾਹਾ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਜੂਨੀਅਰ ਇੰਜਨੀਅਰ ਗਗਨਦੀਪ ਸਿੰਘ,ਪਰਨੀਤ ਸਿੰਘ ਤੇ ਅੰਮਰਿਤਵੀਰ ਸਿੰਘ ਵੀ ਆਪਣੀਆਂ ਸੀਟਾਂ ਤੋਂ ਗਾਇਬ ਸਨ ਸਿਰਫ ਦਫਤਰ ਦੇ ਬਾਹਰ ਉਹਨਾਂ ਦੇ ਨਾਵਾਂ ਦੀਆਂ ਲੱਗੀਆਂ ਤਖਤੀਆਂ ਹੀ ਚਮਕ ਰਹੀਆਂ ਸਨ।
ਇਸ ਦਫ਼ਤਰ ਵਿਚ ਆਏ ਲੋਕਾਂ ਦਾ ਕਹਿਣਾ ਸੀ ਕਿ ਜੇ ਮੁਲਾਜਮਾਂ ਨੂੰ ਪੁਛਿਆ ਜਾਂਦਾ ਹੈ ਕਿ ਉਹ ਦਫ਼ਤਰ ਵਿਚੋਂ ਗਾਇਬ ਕਿਉਂ ਸਨ ਤਾਂ ਉਹ ਘੜਾ ਘੜਾਇਆ ਉਤਰ ਦਿੰਦੇ ਹਨ ਕਿ ਦਫ਼ਤਰ ਦੇ ਕੰਮ ਹੀ ਪਿੰਡ ਵਿਚ ਗਏ ਸਨ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਕੀ ਸਾਰਾ ਦਫਤਰ ਹੀ ਆਪਣੀਆਂ ਸੀਟਾਂ ਤੋਂ ਉਠ ਕੇ ਪਿੰਡ ਵਿਚ ਚਲਿਆ ਗਿਆ। ਅਜਿਹਾ ਕਿਹੜਾ ਜਰੂਰੀ ਕੰਮ ਸੀ ਕਿ ਦਫ਼ਤਰ ਵਿਚ ਬੈਠਣ ਦੀ ਥਾਂ ਸਾਰੇ ਮੁਲਾਜ਼ਮ ਹੀ ਪਿੰਡ ਵਿਚ ਚਲੇ ਗਏ।
ਜਦੋਂ ਇਸ ਸਬੰਧੀ ਸਬੰਧਿਤ ਮਹਿਕਮੇ ਦੇ ਮੰਤਰੀ ਨਾਲ ਸੰਪਰਕ ਕੀਤਾ ਤਾਂ ਸੰਪਰਕ ਕਾਇਮ ਨਹੀਂ ਹੋ ਸਕਿਆ।
ਅਕਸਰ ਹੀ ਸਰਕਾਰੀ ਮੁਲਾਜਮ ਆਪਣੀਆਂ ਤਨਖਾਹਾਂ ਵਧਾਉਣ ਤੇ ਹੋਰ ਮੰਗਾਂ ਲਈ ਹੜਤਾਲਾਂ ਤੇ ਰੋਸ ਰੈਲੀਆਂ ਕਰਦੇ ਰਹਿੰਦੇ ਹਨ। ਰੋਸ ਰੈਲੀਆਂ ਵਾਲੇ ਦਿਨ ਵੀ ਉਹ ਪਹਿਲਾਂ ਦਫ਼ਤਰ ਵਿਚ ਆਪਣੀ ਹਾਜ਼ਰੀ ਲਗਾਉਂਦੇ ਹਨ ਤੇ ਫਿਰ ਰੋਸ ਰੈਲੀਆਂ ਕਰਦੇ ਹਨ ਪਰ ਆਮ ਲੋਕਾਂ ਦੀ ਪਰੇਸ਼ਾਨੀ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਸ ਦਫ਼ਤਰ ਅਧੀਨ ਆਉਂਦੇ ਕਰਹੇੜੀ ਪਿੰਡ ਵਿਚ ਤਾਂ ਹਾਲ ਇਹ ਹੈ ਕਿ ਉਥੇ ਹਰ ਮਹੀਨੇ ਹੀ ਚਾਰ ਚਾਰ ਦਿਨ ਪਾਣੀ ਦੀ ਸਪਲਾਈ ਬੰਦ ਰਹਿੰਦੀ ਹੈ। ਪੁੱਛਣ ਤੇ ਪਤਾ ਚਲਦਾ ਹੈ ਕਿ ਕਦੇ ਪਾਣੀ ਵਾਲੀ ਪਾਈਪ ਹੀ ਟੁੱਟ ਗਈ ਹੈ ਅਤੇ ਕਦੇ ਮੋਟਰ ਹੀ ਸੜ ਗਈ ਹੈ ਜਾਂ ਫਿਰ ਕਿਸੇ ਹੋਰ ਕਾਰਨ ਸਪਲਾਈ ਬੰਦ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਸਲ ਵਿਚ ਸਰਕਾਰੀ ਮੁਲਾਜ਼ਮਾਂ ਵਿਚ ਸਰਕਾਰ ਦਾ ਕੋਈ ਡਰ ਭੈਅ ਨਹੀਂ ਰਹਿ ਗਿਆ ਹੈ ਅਤੇ ਉਹ ਕੰਮ ਵਾਲੇ ਦਿਨ ਵੀ ਡਿਊਟੀ ਉਪਰ ਹੋਣ ਦੀ ਥਾਂ ਫਰਲੋ ਮਾਰਦੇ ਰਹਿੰਦੇ ਹਨ।