ਚੰਡੀਗੜ੍ ਸੀ. ਬੀ. ਆਈ ਨੇ ਚੰਡੀਗੜ੍ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਡੀ.ਐਸ.ਪੀ ਰਾਮ ਚੰਦਰ ਮੀਨਾ, ਸਬ ਇੰਸਪੈਕਟਰ ਸੁਰਿੰਦਰ ਭਾਰਦਵਾਜ, ਬਰਕਲੇ ਆਟੋਮੋਬਾਲ ਦੇ ਮਾਲਕ ਸੰਜੇ ਦਹੂਜਾ ਅਤੇ ਕੇ.ਐਲ.ਜੀ ਕੰਪਨੀ ਦੇ ਮਾਲਕ ਅਮਨ ਗਰੋਵਰ ਨੂੰ 40 ਲੱਖ ਰੁਪਏ ਦੀ ਰਿਸ਼ਵਤਖ਼ੋਰੀ ਦੇ ਦੋਸ਼ ਹੇਠ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਹੈ | ਸੀ. ਬੀ. ਆਈ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਵਲਾ ਪੈਟਰੋਲ ਪੰਪ ਦੇ ਮਾਲਕ
ਹਮਰਿਤ ਚਾਵਲਾ ਅਤੇ ਉਸ ਦੀ ਪਤਨੀ ਵਨੀਤ ਚਾਵਲਾ ਦੀ ਕਰੋੜਾਂ ਰਪੁਏ ਦੀ ਜਾਇਦਾਦ ਸਬੰਧੀ ਵਿਵਾਦ ਚੰਡੀਗੜ੍ ਦੀ ਹੀ ਨਿਵਾਸੀ ਮੈਡਮ ਦੀਪਾ ਦੁੱਗਲ ਨਾਲ ਚੱਲ ਰਿਹਾ ਸੀ ਜਿਸ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਕੋਲ ਸੀ | ਇਹ ਮਾਮਲਾ ਚਾਵਲਾ ਧਿਰ ਦੇ ਹੱਕ ਵਿਚ ਕਰਨ ਲਈ ਆਰਥਿਕ ਅਪਰਾਧ ਸ਼ਾਖਾ ਦੇ ਡੀ.ਐਸ.ਪੀ ਵੱਲੋਂ 70 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ | ਜਿਸ ਬਾਰੇ ਡੀ.ਐਸ.ਪੀ ਨਾਲ ਗੱਲਬਾਤ ਤੈਅ ਕਰਨ ਉਪਰੰਤ ਚਾਵਲਾ ਨੇ ਇਸ ਦੀ ਸੂਚਨਾ ਸੀ.ਬੀ.ਆਈ ਨੂੰ ਦੇ ਦਿੱਤੀ | ਸੀ.ਬੀ.ਆਈ ਨੇ ਸ਼ਾਖਾ ਅਧਿਕਾਰੀਆਂ ਦੇ ਫ਼ੋਨ ਸਰਵੀਲੈਂਸ ‘ਤੇ ਲਾ ਕੇ ਸਾਰੀ ਗੱਲਬਾਤ ਰਿਕਾਰਡ ਕਰ ਲਈ ਕਿ ਉਕਤ ਦੋ ਕਾਰੋਬਾਰੀ ਮਾਮਲੇ ਦੀ ਸੈਟਿੰਗ ਕਰਵਾ ਰਹੇ ਸਨ | ਅੱਜ ਸਨਅਤੀ ਖੇਤਰ ‘ਚ ਪੈਂਦੀ ਬਰਕਲੇ ਆਟੋਮੋਬਾਇਲ ਵਿਖੇ ਹੀ 40 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ, ਜਿਉਂ ਹੀ ਡੀ.ਐਸ.ਪੀ ਉਕਤ ਥਾਂ ਤੇ ਪੈਸੇ ਲੈਣ ਲਈ ਪੁੱਜਾ ਤਾਂ ਸੀ.ਬੀ.ਆਈ ਨੇ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂ ਕਿ ਸਬ ਇੰਸਪੈਕਟਰ ਸੁਰਿੰਦਰ ਭਾਰਦਵਾਜ ਨੂੰ ਵੀ ਮਾਮਲੇ ਦਾ ਜਾਂਚ ਅਧਿਕਾਰੀ ਹੋਣ ਕਾਰਨ ਹਿਰਾਸਤ ਵਿਚ ਲੈ ਲਿਆ | ਸੀ. ਬੀ. ਆਈ. ਨੇ ਉਕਤ ਚਾਰਾਂ ਖਿਲਾਫ ਭਿ੍ਸ਼ਟਾਚਾਰ ਰੋਕੂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |