ਸ੍ ਮੁਕਤਸਰ ਸਾਹਿਬ :ਆਉਂਦੀ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਜ਼ਿਲਾ ਸ੍ ਮੁਕਤਸਰ ਸਾਹਿਬ ਵਿਚ ਖੇਤੀਬਾੜੀ ਵਿਭਾਗ ਸਮੇਤ ਸਮੂਹ ਵਿਭਾਗਾਂ ਵੱਲੋਂ ਸਾਂਝੀ ਮੁਹਿੰਮ ਵਿੱਢੀ ਜਾਵੇਗੀ। ਇਹ ਜਾਣਕਾਰੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਨੇ ਦਿੱਤੀ। ਉਨਾਂ ਨੇ ਕਿਹਾ ਕਿ ਇਸ ਸਬੰਧੀ ਨਰਮੇ ਦੀ ਬਿਜਾਈ ਤੋਂ ਜ਼ਿਲੇ ਦੇ ਨਰਮੇ ਦੀ ਕਾਸਤ ਵਾਲੇ 130 ਪਿੰਡਾਂ ਵਿਚੋਂ ਖੇਤਾਂ ਦੇ ਆਲੇ ਦੁਆਲਿਓ ਨਦੀਨਾਂ ਦੀ ਰੋਕਥਾਮ ਕੀਤੀ ਜਾਵੇਗੀ ਕਿਉਂਕਿ ਚਿੱਟੀ ਮੱਖੀ ਇਸ ਸਮੇਂ ਇੰਨਾਂ ਨਦੀਨਾਂ ਤੇ ਪਲ ਰਹੀ ਹੈ ਅਤੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਜਰੂਰੀ ਹੋਵੇਗਾ ਇਸ ਸਮੇਂ ਨਦੀਨਾਂ ਦਾ ਮੁਕੰਮਲ ਖਾਤਮਾ ਕੀਤਾ ਜਾਵੇ। ਉਨਾਂ ਸਾਰੇ ਹੀ ਸਬੰਧਤ ਵਿਭਾਗਾਂ ਨੂੰ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਕਿਹਾ ਅਤੇ ਪੰਚਾਇਤਾਂ ਨੂੰ ਵੀ ਇਸ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਜ਼ਿਲੇ ਦੇ ਗਿੱਦੜਬਾਹਾ ਬਲਾਕ ਵਿਚ 24, ਮਲੋਟ ਬਲਾਕ ਵਿਚ 36, ਸ੍ਰੀ ਮੁਕਤਸਰ ਬਲਾਕ ਵਿਚ 37 ਅਤੇ ਲੰਬੀ ਬਲਾਕ ਵਿਚ 33 ਪਿੰਡਾਂ ਵਿਚ ਮੁਹਿੰਮ ਆਰੰਭੀ ਜਾਵੇਗੀ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਬੰਧੀ ਉਹ ਵੀ ਸੁਚੇਤ ਹੁੰਦਿਆਂ ਆਪਣੇ ਖੇਤਾਂ ਦੇ ਆਲੇ ਦੁਆਲੇ ਤੋਂ ਇਹ ਨਦੀਨ ਖਤਮ ਕਰ ਦੇਣ।
ਉਨਾਂ ਦੱਸਿਆ ਕਿ ਜ਼ਿਲਾ ਪ੍ਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ 15 ਮਾਰਚ ਤੱਕ ਨਦੀਨਾਂ ਨੂੰ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਨਸਲ ਨੂੰ ਸੜਕਾਂ, ਨਹਿਰਾਂ, ਨਾਲਿਆਂ ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ। ਉਨਾਂ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਹਾਈਵੇਜ਼ ਦੇ ਅਧਿਕਾਰੀਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਨਦੀਨ ਪੁੱਟਣ ਨੂੰ ਯਕੀਨੀ ਬਣਾਉਣ। ਇਸੇ ਤਰਾਂ ਨਹਿਰੀ ਤੇ ਡਰੇਨਿੰਗ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨਹਿਰਾਂ ਅਤੇ ਡਰੇਨਾਂ ਦੇ ਕਿਨਾਰਿਆਂ, ਬੀਡੀਪੀਓਜ਼ ਪਿੰਡਾਂ ਵਿੱਚ ਖੇਤਾਂ ਦੇ ਆਸ-ਪਾਸ ਤੇ ਖਾਲੀ ਜਗਾਂ ਤੇ ਖੜੀ ਗਾਜਰ ਬੂਟੀ ਨੂੰ ਖ਼ਤਮ ਕਰਕੇ ਅੱਗ ਲਗਾਉਣਗੇ। ਉਨਾਂ ਕਿਹਾ ਕਿ ਜਿੰਨਾਂ ਵਿਭਾਗਾਂ ਪਾਸ ਆਪਣੀ ਲੇਬਰ ਨਹੀਂ ਹੈ, ਉਹ ਮਗਨਰੇਗਾ ਸਕੀਮ ਅਧੀਨ ਮਜ਼ਦੂਰ ਲਗਾ ਕੇ ਗਾਜਰ ਬੂਟੀ ਨੂੰ ਖ਼ਤਮ ਕਰਵਾਉਣ। ਉਨਾਂ ਇਹ ਵੀ ਦੱਸਿਆ ਕਿ ਗਾਜਰ ਬੂਟੀ ਨੂੰ ਖ਼ਤਮ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਕਿਸਾਨਾਂ ਦਾ ਵੀ ਸਹਿਯੋਗ ਲਿਆ ਜਾਵੇ। ਉਨਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਨੂੰ ਇੰਨਾਂ ਨਦੀਨਾਂ ਦੇ ਖਾਤਮੇ ਲਈ ਜਾਗਰੂਕ ਕਰਨ ।
ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਖੇਤੀ ਮਾਹਿਰਾਂ ਨੇ 15 ਨਦੀਨਾਂ ਦੀ ਪਹਿਚਾਣ ਕੀਤੀ ਹੈ ਜਿੰਨਾਂ ਤੇ ਚਿੱਟੀ ਮੱਖੀ ਪਲਦੀ ਹੈ ਅਤੇ ਇੰਨਾਂ ਨੂੰ ਖਤਮ ਕਰਨਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਇਨਾਂ ਵਿਚ ਗਾਜਰ ਘਾਹ ਸਭ ਤੋਂ ਵੱਧ ਮਾਰੂ ਹੈ। ਇਸ ਤੋਂ ਬਿਨਾਂ ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰ ਫਲੀ, ਭੰਬੋਲਾ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ ਆਦਿ ਨਦੀਨਾਂ ਨੂੰ ਖਤਮ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਵਿਭਾਗ ਨੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ 17 ਟੀਮਾਂ ਬਣਾਈਆਂ ਹਨ ਅਤੇ ਹੁਣ ਤੱਕ 100 ਕੈਂਪ ਲਗਾਏ ਜਾ ਚੁੱਕੇ ਹਨ। ਬੈਠਕ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਸ: ਨਰਿੰਦਰਜੀਤ ਸਿੰਘ ਸਿੱਧੂ ਵੀ ਹਾਜਰ ਸਨ।